15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਬੇਜ਼ੁਬਾਨਾਂ ਨਾਲ ਬੇਰਹਿਮੀ, ਡਾਗ ਸ਼ੈਲਟਰ 'ਚ 2 ਦਰਜਨ ਕਤੂਰਿਆਂ ਨੂੰ ਦਿੱਤਾ ਜ਼ਹਿਰ, 5 ਦੀ ਮੌਤ <br/>

ਅਜੀਤ ਡੈਸਕ 19-02-2026
ਜ਼ੀਰਕਪੁਰ, 18 ਫਰਵਰੀ (ਹੈਪੀ ਪੰਡਵਾਲਾ)- ਇਨਸਾਨੀਅਤ ਨੂੰ ਵਲੂੰਧਰ ਕੇ ਰੱਖ ਦੇਣ ਵਾਲੀ ਇਕ ਘਟਨਾ ਅੱਜ ਸਥਾਨਕ ਲੋਹਗੜ੍ਹ ਖੇਤਰ ਤੋਂ ਸਾਹਮਣੇ ਆਈ ਹੈ, ਜਿਥੇ ਕਿ ਇਕ ਡਾਗ ਸ਼ੈਲਟਰ 'ਚ ਰਹਿ ਰਹੇ ਕਰੀਬ ਦੋ ਦਰਜਨ ਮਾਸੂਮ ਕਤੂਰਿਆਂ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ | ਇਸ ਕਾਰੇ ਕਾਰਨ ਹੁਣ ਤੱਕ 5 ਕਤੂਰਿਆਂ ਦੀ ਮੌਤ ਹੋ ਚੁੱਕੀ ਹੈ, ਜਦਕਿ ਬਾਕੀ ਕਤੂਰੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ | ਮਾਮਲੇ ਬਾਬਤ ਸ਼ੈਲਟਰ ਪ੍ਰਬੰਧਕਾਂ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਕਤੂਰਿਆਂ ਦੀ ਸਿਹਤ ਵਿਗੜਦੀ ਜਾ ਰਹੀ ਸੀ ਅਤੇ ਜਦੋਂ ਜਾਂਚ ਕੀਤੀ ਗਈ ਤਾਂ ਹੈਰਾਨੀਜਨਕ ਖੁਲਾਸਾ ਹੋਇਆ ਕਿ ਕਿਸੇ ਅਣਪਛਾਤੇ ਵਿਅਕਤੀ ਵਲੋਂ ਲੱਡੂਆਂ 'ਚ ਜ਼ਹਿਰੀਲੀ ਚੀਜ਼ ਮਿਲਾ ਕੇ ਇਨ੍ਹਾਂ ਬੇਜ਼ੁਬਾਨਾਂ ਨੂੰ ਖੁਆਈ ਗਈ ਹੈ | ਇਸ ਕਾਰਨ ਕਰੀਬ 24 ਕਤੂਰੇ ਪ੍ਰਭਾਵਿਤ ਹੋਏ ਹਨ, ਜਿਨ੍ਹਾਂ 'ਚੋਂ ਹੁਣ ਤੱਕ 5 ਕਤੂਰੇ ਦਮ ਤੋੜ ਚੁੱਕੇ ਹਨ ਜਦਕਿ ਬਾਕੀ ਕਤੂਰਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ | ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਵੱਖ-ਵੱਖ ਐੱਨ. ਜੀ. ਓਜ਼. ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਤੇ ਬਿਮਾਰ ਕਤੂਰਿਆਂ ਦਾ ਇਲਾਜ ਜੰਗੀ ਪੱਧਰ 'ਤੇ ਸ਼ੁਰੂ ਕਰ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਵੀ ਇਸ ਮਾਮਲੇ ਸੰਬੰਧੀ ਸੂਚਿਤ ਕਰ ਦਿੱਤਾ ਗਿਆ ਹੈ | ਉਧਰ ਮਾਮਲੇ ਬਾਬਤ ਥਾਣਾ ਮੁਖੀ ਇੰਸਪੈਕਟਰ ਸਤਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਸ਼ੈਲਟਰ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਨੂੰ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਇਸ ਘਿਨਾਉਣੀ ਹਰਕਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਦੀ ਪਛਾਣ ਕਰਕੇ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕੇ | ਉਨ੍ਹਾਂ ਦੱਸਿਆ ਕਿ ਕੱਲ੍ਹ ਕਤੂਰਿਆਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਤੇ ਰਿਪੋਰਟ ਆਉਣ ਤੋਂ ਬਾਅਦ ਹੀ ਅਸਲ ਕਾਰਨ ਸਾਹਮਣੇ ਆਉਣਗੇ | ਇਸ ਘਟਨਾ ਤੋਂ ਬਾਅਦ ਜਾਨਵਰ ਪ੍ਰੇਮੀਆਂ ਤੇ ਇਲਾਕਾ ਵਾਸੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਲੋਕਾਂ ਦੀ ਮੰਗ ਹੈ ਕਿ ਬੇਜ਼ੁਬਾਨਾਂ 'ਤੇ ਜ਼ੁਲਮ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ |

ਪਿਛਲੀ ਖ਼ਬਰ ਭਗਵੰਤ ਮਾਨ ਸਰਕਾਰ ਦੀਆਂ ਪਹਿਲਕਦਮੀਆਂ ਸਦਕਾ 2 ਮਹੀਨਿਆਂ ਵਿਚ 80,508 ਸੈਲਾਨੀਆਂ ਦੀ ਹੋਈ ਆਮਦ - ਲਾਲ ਚੰਦ ਕਟਾਰੂਚੱਕ... ਅਗਲੀ ਖ਼ਬਰ ਕਾਰਡ ਬਦਲ ਕੇ ਨਕਦੀ ਕਢਵਾੳਣ ਵਿਰੁੱਧ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।