ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, 9 ਦਿਨ ਬਾਅਦ ਮੁੱਖ ਮੁਲਜ਼ਮ ਕਾਬੂ <br/>
ਅਜੀਤ ਡੈਸਕ
28-02-2026
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵਾਰਦਾਤ 18 ਫ਼ਰਵਰੀ ਦੀ ਰਾਤ ਕਰੀਬ 9:30 ਵਜੇ ਵਾਪਰੀ | ਜ਼ਖ਼ਮੀ ਅਕਸ਼ੈ ਕੁਮਾਰ ਦੇ ਭਰਾ ਨੀਰਜ ਨੇ ਦੱਸਿਆ ਕਿ ਅਕਸ਼ੈ ਕਾਲੋਨੀ ਦੇ ਪਾਰਕ ਵਿਚ ਬੈਠਾ ਹੋਇਆ ਸੀ | ਇਸ ਦੌਰਾਨ ਸਾਧੂ ਨਾਮ ਦੇ ਨੌਜਵਾਨ ਆਪਣੇ ਕੁੱਝ ਸਾਥੀਆਂ ਸਮੇਤ ਉੱਥੇ ਪਹੁੰਚਿਆ | ਦੋਸ਼ ਹੈ ਕਿ ਉਨ੍ਹਾਂ ਦੇ ਹੱਥਾਂ ਵਿਚ ਤੇਜ਼ਧਾਰ ਹਥਿਆਰ ਸਨ ਅਤੇ ਆਉਂਦੇ ਹੀ ਉਨ੍ਹਾਂ ਨੇ ਅਕਸ਼ੈ ਉੱਤੇ ਹਮਲਾ ਕਰ ਦਿੱਤਾ |
ਹਮਲੇ ਦੌਰਾਨ ਅਕਸ਼ੈ ਦੇ ਸਿਰ, ਬਾਂਹ ਅਤੇ ਸਰੀਰ ਦੇ ਹੋਰ ਹਿੱਸਿਆਂ 'ਤੇ ਗੰਭੀਰ ਸੱਟਾਂ ਲੱਗੀਆਂ | ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ | ਆਸ-ਪਾਸ ਮੌਜੂਦ ਲੋਕਾਂ ਦੀ ਮਦਦ ਨਾਲ ਜ਼ਖ਼ਮੀ ਅਕਸ਼ੈ ਨੂੰ ਤੁਰੰਤ ਸੈਕਟਰ-16 ਸਥਿਤ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੇ ਸਿਰ 'ਤੇ ਗੰਭੀਰ ਚੋਟ ਹੋਣ ਦੀ ਪੁਸ਼ਟੀ ਕੀਤੀ ਅਤੇ ਨੌਂ ਟਾਂਕੇ ਲਗਾਏ ਗਏ |
ਸੂਚਨਾ ਮਿਲਦੇ ਹੀ ਪੁਲਿਸ ਹਸਪਤਾਲ ਪਹੁੰਚੀ ਅਤੇ ਜ਼ਖ਼ਮੀ ਦੇ ਬਿਆਨ ਦਰਜ ਕੀਤੇ | ਨੀਰਜ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਸਾਧੂ, ਅਜੈ ਅਤੇ ਹੋਰ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਥਾਣਾ ਮਲੋਆ ਵਿਖੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ |
ਕਰੀਬ ਨੌਂ ਦਿਨਾਂ ਬਾਅਦ ਪੁਲਿਸ ਵਲੋਂ ਮੁੱਖ ਮੁਲਜ਼ਮ ਸਾਧੂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਹਾਲਾਂਕਿ ਮਾਮਲੇ ਵਿਚ ਨਾਮਜ਼ਦ ਹੋਰ ਮੁਲਜ਼ਮ ਅਜੇ ਵੀ ਫ਼ਰਾਰ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ | ਇਸ ਮੌਕੇ ਜ਼ਖ਼ਮੀ ਦੇ ਭਰਾ ਨੀਰਜ ਨੇ ਦੋਸ਼ ਲਗਾਇਆ ਕਿ ਪੁਲਿਸ ਮੁਲਜ਼ਮਾਂ ਦੀ ਗਿ੍ਫ਼ਤਾਰੀ ਵਿਚ ਜਾਣਬੁੱਝ ਕੇ ਦੇਰੀ ਕਰ ਰਹੀ ਸੀ ਅਤੇ ਪਰਿਵਾਰ 'ਤੇ ਸਮਝੌਤਾ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਸੀ | ਉਨ੍ਹਾਂ ਕਿਹਾ ਕਿ ਜਦੋਂ ਪਰਿਵਾਰ ਨੇ ਉੱਚ ਅਧਿਕਾਰੀਆਂ ਕੋਲ ਸ਼ਿਕਾਇਤ ਕਰਨ ਦੀ ਗੱਲ ਕੀਤੀ ਤਾਂ ਉਸ ਤੋਂ ਬਾਅਦ ਹੀ ਇਕ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ ਗਿਆ | ਦੂਜੇ ਪਾਸੇ ਚੌਂਕੀ ਇੰਚਾਰਜ ਸੂਰਜ ਪ੍ਰਕਾਸ਼ ਨੇ ਦੱਸਿਆ ਕਿ ਮਾਮਲੇ ਵਿਚ ਕੇਸ ਦਰਜ ਕਰ ਲਿਆ ਗਿਆ ਹੈ ਤੇ ਇਕ ਮੁਲਜ਼ਮ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ | ਬਾਕੀ ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ |