ਜ਼ੀਰਕਪੁਰ, 27 ਫਰਵਰੀ (ਹੈਪੀ ਪੰਡਵਾਲਾ)-ਅੱਜ ਸਵੇਰੇ ਪੀਰਮੁਛੱਲਾ ਖੇਤਰ ਵਿਚਲੀ ਇਕ ਵਪਾਰਕ ਬਹੁ-ਮੰਜ਼ਿਲਾ ਇਮਾਰਤ 'ਚ ਅਚਾਨਕ ਅੱਗ ਲੱਗ ਗਈ | ਸੂਚਨਾ ਮਿਲਣ 'ਤੇ ਜ਼ੀਰਕਪੁਰ, ਡੇਰਾਬੱਸੀ ਤੇ ਪੰਚਕੂਲਾ ਤੋਂ ਫਾਇਰ ਬਿ੍ਗੇਡ ਦੀਆਂ 5 ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗੇ 'ਤੇ ਕਾਬੂ ਪਾਇਆ | ਹਾਸਿਲ ਜਾਣਕਾਰੀ ਮੁਤਾਬਿਕ ਮਿਡਟਾਊਨ ਬਿਜ਼ਨੈੱਸ ਪਾਰਕ ਦੀ ਤੀਜੀ ਮੰਜ਼ਿਲ 'ਤੇ ਅਚਾਨਕ ਅੱਗ ਲੱਗਣ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ | ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਮਾਰਤ ਦੇ ਬਾਹਰੀ ਹਿੱਸੇ ਦੇ ਅੱਗ ਦੀ ਲਪੇਟ 'ਚ ਆਉਣ ਕਾਰਨ ਇਹ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ | ਅੱਗ ਇਮਾਰਤ ਦੀ ਤੀਜੀ ਮੰਜ਼ਿਲ 'ਤੇ ਬਣੀ ਇਕ ਛੋਟੀ ਰਸੋਈ 'ਚ ਲੱਗੀ ਸੀ, ਜਿਸ ਕਾਰਨ ਰਸੋਈ 'ਚ ਪਿਆ ਸਾਰਾ ਸਾਮਾਨ ਸੜ ਕੇ ਸੁਆਅ ਹੋ ਗਿਆ | ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰਟ-ਸਰਕਟ ਦੱਸਿਆ ਜਾ ਰਿਹਾ ਹੈ | ਰਸੋਈ ਤੋਂ ਸ਼ੁਰੂ ਹੋਈ ਇਹ ਅੱਗ ਖਿੜਕੀਆਂ ਰਾਹੀਂ ਬਾਹਰ ਨਿਕਲੀਆਂ ਲਪਟਾਂ ਕਾਰਨ ਉਪਰਲੀਆਂ ਮੰਜ਼ਿਲਾਂ ਤੱਕ ਫੈਲ ਗਈ, ਜਿਸ ਨਾਲ ਇਮਾਰਤ ਦੇ ਬਾਹਰ ਦੀਵਾਰਾਂ 'ਤੇ ਲੱਗੀ ਫਾਈਬਰ ਸੜ ਗਈ | ਘਟਨਾ ਦੀ ਸੂਚਨਾ ਮਿਲਦੇ ਹੀ ਵੱਖ-ਵੱਖ ਫਾਇਰ ਸਟੇਸ਼ਨਾਂ ਤੋਂ ਫਾਇਰ ਬਿ੍ਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ | ਫਾਇਰ ਅਫ਼ਸਰ ਰਾਜੀਵ ਕੁਮਾਰ ਦੀ ਅਗਵਾਈ ਹੇਠ ਟੀਮਾਂ ਨੇ ਕਰੀਬ ਇਕ ਘੰਟੇ ਦੀ ਮੁਸ਼ੱਕਤ ਮਗਰੋਂ ਅੱਗ 'ਤੇ ਕਾਬੂ ਪਾਇਆ | ਫਾਇਰ ਅਫ਼ਸਰ ਮੁਤਾਬਿਕ ਜ਼ੀਰਕਪੁਰ, ਡੇਰਾਬੱਸੀ ਤੇ ਪੰਚਕੂਲਾ ਤੋਂ ਪਹੁੰਚੇ 5 ਫਾਇਰ ਟੈਂਡਰਾਂ ਨੇ ਅੱਗ 'ਤੇ ਕਾਬੂ ਪਾਇਆ | ਉਨ੍ਹਾਂ ਦੱਸਿਆ ਕਿ ਅੱਗ ਇਮਾਰਤ ਦੇ ਇਕ ਹਿੱਸੇ ਤੱਕ ਹੀ ਸੀਮਿਤ ਰਹੀ, ਜਿਸ ਕਾਰਨ ਅੰਦਰੂਨੀ ਵੱਡਾ ਨੁਕਸਾਨ ਹੋਣ ਤੋਂ ਬਚਾਅ ਰਿਹਾ | ਉਨ੍ਹਾਂ ਕਿਹਾ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ-ਸਰਕਟ ਹੋ ਸਕਦਾ ਹੈ, ਫ਼ਿਲਹਾਲ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ |