ਗਰਮੀਆਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਖ਼ੁਰਾਕ ਤੇ ਡਰੱਗ ਪ੍ਰਸ਼ਾਸਨ ਵਲੋਂ ਖਾਣ-ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਛਾਪੇਮਾਰੀ <br/>
ਅਜੀਤ ਡੈਸਕ
28-02-2026
ਡੇਰਾਬੱਸੀ, 27 ਫਰਵਰੀ (ਰਣਬੀਰ ਸਿੰਘ ਪੜ੍ਹੀ)-ਗਰਮੀਆਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਖ਼ੁਰਾਕ ਤੇ ਡਰੱਗ ਪ੍ਰਸ਼ਾਸਨ ਨੇ ਖਾਣ-ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਕਮਰ ਕੱਸ ਲਈ ਹੈ | ਅੱਜ ਫੂਡ ਸੇਫਟੀ ਵਿਭਾਗ ਦੀ ਟੀਮ ਨੇ ਸਹਾਇਕ ਕਮਿਸ਼ਨਰ ਅੰਮਿ੍ਤਪਾਲ ਸਿੰਘ ਦੀ ਅਗਵਾਈ ਹੇਠ ਡੇਰਾਬੱਸੀ ਦੇ ਵੱਖ-ਵੱਖ ਹਿੱਸਿਆਂ 'ਚ ਛਾਪੇਮਾਰੀ ਕੀਤੀ | ਇਸ ਦੌਰਾਨ ਟੀਮ ਦੇ ਪਹੁੰਚਦਿਆਂ ਹੀ ਮੁੱਖ ਬਾਜ਼ਾਰ 'ਚ ਦੁਕਾਨਦਾਰਾਂ ਨੂੰ ਭਾਜੜਾਂ ਪੈ ਗਈਆਂ ਅਤੇ ਕਈ ਮਿਲਾਵਟਖੋਰ ਦੁਕਾਨਾਂ ਦੇ ਸ਼ਟਰ ਸੁੱਟ ਕੇ ਮੌਕੇ ਤੋਂ ਖਿਸਕ ਗਏ | ਇਸ ਮੁਹਿੰਮ ਤਹਿਤ ਇੰਸਪੈਕਟਰ ਅਨਿਲ ਕੁਮਾਰ ਸਮੇਤ ਟੀਮ ਨੇ ਕਰਿਆਨਾ, ਕਨਫੈਕਸ਼ਨਰੀ ਅਤੇ ਡੇਅਰੀ ਉਤਪਾਦਾਂ ਦੀਆਂ ਦੁਕਾਨਾਂ 'ਤੇ ਦਸਤਕ ਦਿੱਤੀ | ਟੀਮ ਨੇ ਸੈਦਪੁਰ ਸਥਿਤ 'ਚੰਨ ਯਾਰਡਸ' ਨਾਮਕ ਯੋਗਰਟ (ਵਿਸ਼ੇਸ਼ ਕਿਸਮ ਦਾ ਦਹੀ) ਫੈਕਟਰੀ 'ਚ ਛਾਪਾ ਮਾਰ ਕੇ ਸੈਂਪਲ ਇਕੱਠੇ ਕੀਤੇ | ਇਸ ਤੋਂ ਇਲਾਵਾ ਸੈਦਪੁਰ ਦੇ ਸਰਕਾਰੀ ਸਕੂਲ 'ਚ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਮਿਡ-ਡੇ-ਮੀਲ ਦੇ ਖਾਣੇ ਦੀ ਵੀ ਜਾਂਚ ਕੀਤੀ ਗਈ ਅਤੇ ਨਮੂਨੇ ਭਰੇ ਗਏ | ਇਸ ਮੌਕੇ ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਟੀਮ ਨੇ ਦੁੱਧ, ਦਹੀ, ਪਨੀਰ, ਦੇਸੀ ਘਿਓ ਅਤੇ ਆਈਸ ਕਰੀਮ ਵਰਗੇ ਡੇਅਰੀ ਉਤਪਾਦਾਂ ਦੇ ਸੈਂਪਲ ਲਏ ਹਨ | ਉਨ੍ਹਾਂ ਦੱਸਿਆ ਕਿ ਟੀਮ ਦੇ ਆਉਣ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲਣ ਕਾਰਨ ਕਈ ਦੁਕਾਨਦਾਰ ਦੁਕਾਨਾਂ ਬੰਦ ਕਰਕੇ ਭੱਜ ਗਏ, ਫਿਰ ਵੀ ਵਿਭਾਗ ਨੇ ਸਖ਼ਤੀ ਦਿਖਾਉਂਦਿਆਂ ਕਰੀਬ ਇਕ ਦਰਜਨ ਦੁਕਾਨਦਾਰਾਂ ਦੇ ਚਲਾਨ ਕੱਟੇ ਹਨ |