ਜ਼ੀਰਕਪੁਰ, 27 ਫਰਵਰੀ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਨਕਲੀ ਪੱਤਰਕਾਰ ਬਣ ਦੁਕਾਨਦਾਰਾਂ ਤੋਂ ਪੈਸੇ ਵਸੂਲਣ ਦੇ ਮਾਮਲੇ 'ਚ ਚਾਰ ਮੁਲਜ਼ਮਾਂ ਖ਼ਿਲਾਫ਼ ਬੀ. ਐਨ. ਐਸ. ਦੀਆਂ ਧਾਰਾਵਾਂ 308 (2) ਅਤੇ 3 (5) ਦੇ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਇਸ ਮਾਮਲੇ 'ਚ ਜ਼ੀਰਕਪੁਰ ਪੁਲਿਸ ਨੇ ਕਾਰਵਾਈ ਕਰਦਿਆਂ ਚਾਰ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਦਕਿ ਇਕ ਹੋਰ ਦੀ ਭਾਲ ਜਾਰੀ ਹੈ | ਕਾਬੂ ਮੁਲਜ਼ਮਾਂ ਦੀ ਪਛਾਣ ਇਰਬਨਪ੍ਰੀਤ ਸਿੰਘ, ਮੋਹਿਤ, ਗੁਰਸ਼ਰਨ ਸਿੰਘ ਤੇ ਅਭਿਸ਼ੇਕ ਠਾਕੁਰ ਵਜੋਂ ਹੋਈ ਹੈ | ਪੁਲਿਸ ਨੂੰ ਦਿੱਤੀ ਸਿਕਾਇਤ 'ਚ ਬਿਕੇਸ਼ ਕੁਮਾਰ ਵਾਸੀ ਪਿੰਡ ਮਾਧੋਪੁਰ ਸਵਰੂਪ ਬਿਹਾਰ, ਹਾਲ ਵਾਸੀ ਗਾਜ਼ੀਪੁਰ ਜ਼ੀਰਕਪੁਰ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਇਥੇ ਕਰਿਆਨੇ ਤੇ ਚਾਹ ਦੀ ਦੁਕਾਨ ਚਲਾ ਰਿਹਾ ਹੈ | ਬੀਤੀ 25 ਫਰਵਰੀ ਨੂੰ ਦੁਪਹਿਰ 3:15 ਵਜੇ ਦੇ ਕਰੀਬ ਇਰਬਨਪ੍ਰੀਤ ਸਿੰਘ ਆਪਣੇ ਇਕ ਸਾਥੀ ਨਾਲ ਉਸ ਦੀ ਦੁਕਾਨ 'ਤੇ ਆਇਆ ਅਤੇ ਆਪਣੇ ਆਪ ਨੂੰ ਪੱਤਰਕਾਰ ਦੱਸ ਛੋਟੇ ਗੈਸ ਸਿਲੰਡਰ ਭਰ ਕੇ ਵੇਚਣ ਦਾ ਦੋਸ਼ ਲਗਾਇਆ | ਮੁਲਜ਼ਮ ਨੇ ਖ਼ਬਰ ਪ੍ਰਕਾਸ਼ਿਤ ਕਰਨ ਤੇ ਪੁਲਿਸ ਕੇਸ ਦਰਜ ਕਰਵਾਉਣ ਦੀ ਧਮਕੀ ਦਿੰਦੇ ਹੋਏ 5,000 ਦੀ ਮੰਗ ਕੀਤੀ, ਜਿਸ 'ਤੇ ਡਰ ਦੇ ਮਾਰੇ ਪੀੜਤ ਨੇ ਫੋਨ-ਪੇ ਰਾਹੀਂ 1,200 ਰੁ. ਟਰਾਂਸਫਰ ਕਰ ਦਿੱਤੇ | ਇਸ ਤੋਂ ਬਾਅਦ ਸ਼ਾਮ 6 ਵਜੇ ਦੇ ਕਰੀਬ ਮੁਲਜ਼ਮ ਆਪਣੇ ਤਿੰਨ ਹੋਰ ਸਾਥੀਆਂ ਨਾਲ ਇਕ ਕਾਰ 'ਚ ਆਇਆ ਤੇ ਨੇੜਲੀ ਦੁਕਾਨ ਦੇ ਡਾਕਟਰ ਨੂੰ ਧਮਕੀ ਦੇ ਕੇ ਉਸ ਤੋਂ 2,000 ਦੀ ਫਿਰੌਤੀ ਮੰਗੀ, ਪਰ ਇਸ ਦੌਰਾਨ ਮੌਕੇ 'ਤੇ ਲੋਕ ਦੇ ਇਕੱਠੇ ਮਗਰੋਂ ਦੁਕਾਨ ਮਾਲਕ ਹਰਦੀਪ ਸਿੰਘ ਨੇ ਮੁਲਜ਼ਮਾਂ ਦੀ ਪਛਾਣ ਪੁੱਛੀ, ਜਿਸ 'ਤੇ ਉਨ੍ਹਾਂ ਦੀ ਪਛਾਣ ਸ਼ੱਕੀ ਜਾਪਣ 'ਤੇ ਲੋਕਾਂ ਨੇ ਚਾਰਾਂ ਮੁਲਜ਼ਮਾਂ ਨੂੰ ਫੜ੍ਹ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ |