05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਡੇਰਾਬੱਸੀ ਦੇ ਕਕਰਾਲੀ ਦੀ ਧੀ ਜਸਪ੍ਰੀਤ ਕੌਰ ਨੇ ਯੂ. ਪੀ. ਐਸ. ਸੀ. ਦੀ ਪ੍ਰੀਖਿਆ 'ਚ 422ਵਾਂ ਰੈਂਕ ਕੀਤਾ ਹਾਸਿਲ <br/>

ਡੇਰਾਬੱਸੀ ਦੇ ਪਿੰਡ ਕਕਰਾਲੀ ਦੀ ਧੀ ਜਸਪ੍ਰੀਤ ਕੌਰ ਦੀ ਤਸਵੀਰ | <br/> 08-03-2026
ਡੇਰਾਬੱਸੀ, 7 ਮਾਰਚ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਹਲਕੇ ਦੇ ਪਿੰਡ ਕਕਰਾਲੀ ਦੀ ਹੋਣਹਾਰ ਧੀ ਜਸਪ੍ਰੀਤ ਕੌਰ ਪੁੱਤਰੀ ਰਘਵੀਰ ਸਿੰਘ ਨੇ ਸੰਘੀ ਲੋਕ ਸੇਵਾ ਕਮਿਸ਼ਨ (ਯੂ. ਪੀ. ਐਸ. ਸੀ.) ਦੀ ਪ੍ਰੀਖਿਆ 'ਚ ਦੇਸ਼ ਭਰ 'ਚੋਂ 422ਵਾਂ ਰੈਂਕ ਹਾਸਿਲ ਕਰਕੇ ਇਲਾਕੇ ਦਾ ਨਾਂਅ ਪੂਰੇ ਦੇਸ਼ 'ਚ ਚਮਕਾਇਆ ਹੈ | ਇਸ ਪ੍ਰਾਪਤੀ ਤੋਂ ਬਾਅਦ ਜਿਥੇ ਪਰਿਵਾਰ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ, ਉਥੇ ਹੀ ਪੂਰਾ ਡੇਰਾਬੱਸੀ ਹਲਕਾ ਆਪਣੀ ਇਸ ਧੀ 'ਤੇ ਮਾਣ ਮਹਿਸੂਸ ਕਰ ਰਿਹਾ ਹੈ |
ਪੰਜਵੀਂ ਕੋਸ਼ਿਸ਼ 'ਚ ਮਿਲੀ ਵੱਡੀ ਸਫ਼ਲਤਾ
ਜਸਪ੍ਰੀਤ ਕੌਰ ਦੀ ਇਹ ਸਫ਼ਲਤਾ ਉਸ ਦੀ ਸਖ਼ਤ ਮਿਹਨਤ ਤੇ ਦਿ੍ੜ ਇਰਾਦੇ ਦਾ ਨਤੀਜਾ ਹੈ | ਉਸ ਨੇ ਇਹ ਮੁਕਾਮ ਆਪਣੀ ਪੰਜਵੀਂ ਕੋਸ਼ਿਸ਼ 'ਚ ਹਾਸਿਲ ਕੀਤਾ | ਜ਼ਿਕਰਯੋਗ ਹੈ ਕਿ ਜਸਪ੍ਰੀਤ ਕੌਰ ਨੇ ਆਪਣੀ ਮਿਹਨਤ ਦੇ ਦਮ 'ਤੇ ਪਹਿਲਾਂ ਪਟਵਾਰੀ ਦੀ ਪ੍ਰੀਖਿਆ ਪਾਸ ਕਰਕੇ ਦੋ ਸਾਲ ਪਟਵਾਰੀ ਦੀ ਨੌਕਰੀ ਕੀਤੀ ਅਤੇ ਫਿਰ ਕੋਆਪ੍ਰੇਟਿਵ ਬੈਂਕ ਦੇ ਇੰਸਪੈਕਟਰ ਦੇ ਤੌਰ 'ਤੇ ਟ੍ਰੇਨਿੰਗ ਹਾਸਿਲ ਕੀਤੀ ਸੀ | ਡਿਊਟੀ ਨਿਭਾਉਂਦੇ ਹੋਏ ਵੀ ਉਸ ਨੇ ਆਪਣਾ ਅਧਿਕਾਰੀ ਬਣਨ ਦਾ ਸੁਪਨਾ ਅੱਖੋਂ-ਪਰੋਖੇ ਨਹੀਂ ਹੋਣ ਦਿੱਤਾ ਅਤੇ ਆਿਖ਼ਰਕਾਰ ਵੱਡੀ ਸਫ਼ਲਤਾ ਹਾਸਿਲ ਕੀਤੀ |
ਜਸਪ੍ਰੀਤ ਕੌਰ ਦਾ ਪਰਿਵਾਰਕ ਪਿਛੋਕੜ
ਜਸਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੇ ਪਿਤਾ ਆੜ੍ਹਤ ਦਾ ਕੰਮ ਕਰਦੇ ਹਨ ਅਤੇ ਉਸ ਦਾ ਛੋਟਾ ਭਰਾ ਵੀ ਪਿਤਾ ਦੇ ਨਾਲ ਹੀ ਕਾਰੋਬਾਰ 'ਚ ਮਦਦ ਕਰਦਾ ਹੈ | ਉਸ ਨੇ ਪੰਚਕੂਲਾ ਤੋਂ ਦਸਵੀਂ ਦੀ ਪ੍ਰੀਖਿਆ ਅਤੇ ਚੰਡੀਗੜ੍ਹ ਦੇ ਸੈਕਟਰ-16 ਦੇ ਗੌਰਮਿੰਟ ਮਾਡਲ ਸਕੂਲ ਤੋਂ ਬਾਰ੍ਹਵੀਂ ਦੀ ਪ੍ਰੀਖਿਆ ਪਾਸ ਕੀਤੀ ਸੀ, ਉਪਰੰਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਿਵਲ ਇੰਜੀਨੀਅਰਿੰਗ 'ਚ ਡਿਗਰੀ ਹਾਸਿਲ ਕੀਤੀ ਸੀ | ਇਸ ਵੱਡੀ ਪ੍ਰਾਪਤੀ ਦੀ ਖ਼ਬਰ ਫੈਲਦਿਆਂ ਹੀ ਉਸ ਦੇ ਪਿੰਡ ਕਕਰਾਲੀ ਸਥਿਤ ਗ੍ਰਹਿ ਵਿਖੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ | ਵੱਖ-ਵੱਖ ਰਾਜਸੀ ਪਾਰਟੀਆਂ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਸਮੇਤ ਅਤੇ ਸਥਾਨਕ ਪਤਵੰਤਿਆਂ ਵਲੋਂ ਪਿੰਡ ਕਕਰਾਲੀ ਪੁੱਜ ਕੇ ਜਸਪ੍ਰੀਤ ਕੌਰ ਅਤੇ ਉਸ ਦੇ ਪਰਿਵਾਰ ਦਾ ਮੂੰਹ ਮਿੱਠਾ ਕਰਵਾਇਆ ਗਿਆ | ਜਸਪ੍ਰੀਤ ਕੌਰ ਨੇ ਦੱਸਿਆ ਕਿ ਉਸ ਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਹੈ | ਇਸ ਤੋਂ ਇਲਾਵਾ ਉਹ ਕਲਾ (ਆਰਟ) ਨਾਲ ਵੀ ਜੁੜੀ ਹੋਈ ਹੈ ਅਤੇ ਪੇਂਟਿੰਗ ਕਰਨਾ ਉਸ ਨੂੰ ਬਹੁਤ ਪਸੰਦ ਹੈ |

ਪਿਛਲੀ ਖ਼ਬਰ ਨਿਊ ਸਰਸਵਤੀ ਵਿਹਾਰ ਕਾਲੋਨੀ ਦੇ ਵਸਨੀਕਾਂ ਵਲੋਂ ਨਗਰ ਕੌਂਸਲ ਪ੍ਰਧਾਨ ਦੇ ਪਤੀ ਖ਼ਿਲਾਫ਼ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਡੇਰਾਬੱਸੀ ਵਿਖੇ ਮਿਕਚਰ ਟਰੱਕ ਨੇ ਮੁੜ ਲਈ ਬੇਕਸੂਰ ਵਿਅਕਤੀ ਦੀ ਜਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।