05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਨਿਊ ਸਰਸਵਤੀ ਵਿਹਾਰ ਕਾਲੋਨੀ ਦੇ ਵਸਨੀਕਾਂ ਵਲੋਂ ਨਗਰ ਕੌਂਸਲ ਪ੍ਰਧਾਨ ਦੇ ਪਤੀ ਖ਼ਿਲਾਫ਼ ਰੋਸ ਪ੍ਰਦਰਸ਼ਨ

ਨਗਰ ਕੌਂਸਲ ਦੀ ਪ੍ਰਧਾਨ ਦੇ ਘਰ ਦੇ ਬਾਹਰ ਧਰਨੇ 'ਤੇ ਬੈਠ ਨਿਊ ਸਰਸਵਤੀ ਵਿਹਾਰ ਕਾਲੋਨੀ ਦੇ ਵਸਨੀਕ | (ਸੱਜੇ) ਬਿਜਲੀ ਕੁਨੈਕਸ਼ਨ ਕੱਟਣ ਆਏ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੂੰ ਕਾਰਵਾਈ ਕਰਨ ਤੋਂ ਰੋਕਦੇ ਹੋਏ ਕਾਲੋਨੀ ਵਾਸੀ | ਤਸਵੀਰਾਂ : ਗੁਰਮੀਤ ਸਿੰਘ <br/> 08-03-2026
ਡੇਰਾਬੱਸੀ, 7 ਮਾਰਚ (ਗੁਰਮੀਤ ਸਿੰਘ)-ਬਿਜਲੀ ਵਿਭਾਗ ਤੇ ਡੇਰਾਬੱਸੀ ਨਗਰ ਕੌਂਸਲ ਦੀ ਕਾਰਗੁਜਾਰੀ ਸਵਾਲਾਂ ਦੇ ਘੇਰੇ 'ਚ ਹੈ ਕਿਉਂਕਿ ਪਿਛਲੇ 3 ਸਾਲਾਂ ਤੋਂ ਨਿਊ ਸਰਸਵਤੀ ਵਿਹਾਰ ਕਾਲੋਨੀ 'ਚ ਰਹਿੰਦੇ ਲੋਕ ਬਿਨਾਂ ਕੁਨੈਕਸ਼ਨਾਂ ਤੋਂ ਸਰਕਾਰੀ ਬਿਜਲੀ ਵਰਤ ਰਹੇ ਹਨ | ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ 'ਚ ਮਾਮਲਾ ਆਉਣ 'ਤੇ ਉਨ੍ਹਾਂ ਡੇਰਾਬੱਸੀ ਦੇ ਐੱਸ. ਡੀ. ਓ. ਨੂੰ ਜਾਂਚ ਕਰਕੇ ਰਿਪੋਰਟ ਕਰਨ ਦੇ ਹੁਕਮ ਦਿੱਤੇ ਸਨ | ਇਸ ਦੇ ਚਲਦਿਆਂ ਸੈਦਪੁਰਾ ਬਿਜਲੀ ਗਰਿੱਡ ਦੇ ਐੱਸ. ਡੀ. ਓ. ਨੇ ਟੀਮ ਸਮੇਤ ਮੌਕੇ 'ਤੇ ਪਹੁੰਚ ਕੇ ਜਦੋਂ ਜਾਂਚ ਕੀਤੀ ਤਾਂ ਖੁਲਾਸਾ ਹੋਇਆ ਕਿ 9 ਘਰ ਅਜਿਹੇ ਹਨ ਜੋ ਕਿ ਕੁੰਡੀ ਲਗਾ ਕੇ ਬਿਜਲੀ ਵਰਤ ਰਹੇ ਹਨ | ਇਸ ਤੋਂ ਬਾਅਦ ਛਾਪਾ ਮਾਰਨ ਵਾਲੀ ਟੀਮ ਵਲੋਂ ਇਨ੍ਹਾਂ ਘਰਾਂ ਦੇ ਕੁਨੈਕਸ਼ਨ ਕੱਟ ਦਿੱਤੇ ਗਏ | ਬਿਜਲੀ ਵਿਭਾਗ ਦੀ ਇਸ ਕਾਰਵਾਈ ਦਾ ਲੋਕਾਂ ਵਲੋਂ ਜ਼ੋਰਦਾਰ ਵਿਰੋਧ ਕੀਤਾ ਤੇ ਟੀਮ ਨੂੰ ਘੇਰ ਲਿਆ ਗਿਆ | ਮਾਹੌਲ ਖ਼ਰਾਬ ਹੁੰਦਾ ਦੇਖ ਬਿਜਲੀ ਵਿਭਾਗ ਦੀ ਟੀਮ ਮੌਕੇ ਤੋਂ ਖਿਸਕ ਗਈ | ਇਸ ਤੋਂ ਬਾਅਦ ਪ੍ਰਭਾਵਿਤ ਪਰਿਵਾਰਾਂ ਵਲੋਂ ਨਗਰ ਕੌਂਸਲ ਡੇਰਾਬੱਸੀ ਦੇ ਪ੍ਰਧਾਨ ਦੇ ਪਤੀ ਨਰੇਸ਼ ਉਪਨੇਜ਼ਾ, ਇਕ ਮੌਜੂਦਾ ਮਹਿਲਾ ਕੌਂਸਲਰ ਦੇ ਪਤੀ ਦਵਿੰਦਰ ਸਿੰਘ ਉਰਫ਼ ਬਿੰਦਰ, ਇਕ ਬਿਲਡਰ ਤੇ ਨਗਰ ਕੌਂਸਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮਗਰੋਂ ਲੋਕ ਨਗਰ ਕੌਂਸਲ ਪ੍ਰਧਾਨ ਦੇ ਘਰ ਦੇ ਬਾਹਰ ਪਹੁੰਚੇ ਤੇ ਉਥੇ ਧਰਨਾ ਲਗਾ ਕੇ ਬੈਠ ਗਏ | ਇਸ ਮੌਕੇ ਪ੍ਰਭਾਵਿਤ ਲੋਕਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੌਜੂਦਾ ਨਗਰ ਕੌਂਸਲ ਪ੍ਰਧਾਨ ਦੇ ਪਤੀ ਨਰੇਸ਼ ਉਪਨੇਜਾ ਅਤੇ ਸਾਬਕਾ ਕੌਂਸਲਰ ਦਵਿੰਦਰ ਸਿੰਘ ਉਰਫ਼ ਬਿੰਦਰ ਸਮੇਤ ਹੋਰਨਾਂ ਨੇ ਪਲਾਟ ਵੇਚਣ ਸਮੇਂ ਵਾਅਦਾ ਕੀਤਾ ਸੀ ਕਿ ਉਕਤ ਕਾਲੋਨੀ 'ਚ ਸਾਰੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਪਲਾਟ ਵੇਚਣ ਮੌਕੇ ਕਾਲੋਨੀ 'ਚ ਬਿਜਲੀ ਦੇ ਖੰਭੇ ਲੱਗੇ ਹੋਏ ਸਨ ਤੇ ਜਲਦ ਹੀ ਬਿਜਲੀ ਕੁਨੈਕਸ਼ਨ ਮਿਲਣ ਦਾ ਭਰੋਸਾ ਦਿਵਾਇਆ ਗਿਆ ਸੀ | ਉਨ੍ਹਾਂ ਦੋਸ਼ ਲਗਾਇਆ ਕਿ ਹੁਣ ਕਰੀਬ 3 ਸਾਲ ਬੀਤ ਜਾਣ ਮਗਰੋਂ ਵੀ ਉਨ੍ਹਾਂ ਨੂੰ ਬਿਜਲੀ ਦੇ ਕੁਨੈਕਸ਼ਨ ਨਹੀਂ ਮਿਲੇ | ਬਿਜਲੀ ਵਿਭਾਗ ਮੁਤਾਬਿਕ ਬਿਲਡਰਾਂ ਵਲੋਂ ਕਾਲੋਨੀ ਦੀ ਬਣਦੀ ਫ਼ੀਸ ਨਾ ਭਰੇ ਜਾਣ ਕਰਕੇ ਕਿਸੇ ਨੂੰ ਕੁਨੈਕਸ਼ਨ ਨਹੀਂ ਦਿੱਤਾ ਜਾ ਰਿਹਾ | ਇਸ ਮਸਲੇ ਨੂੰ ਲੈ ਕੇ ਪ੍ਰਭਾਵਿਤ ਲੋਕ ਕਈ ਵਾਰ ਕੌਂਸਲ ਪ੍ਰਧਾਨ ਦੇ ਪਤੀ ਨਰੇਸ਼ ਉਪਨੇਜਾ ਅਤੇ ਦਵਿੰਦਰ ਸਿੰਘ ਨੂੰ ਵੀ ਮਿਲ ਚੁੱਕੇ ਸਨ, ਜਿਨ੍ਹਾਂ ਪਹਿਲਾਂ ਕਿਸੇ ਦੇ ਘਰ ਤੋਂ ਬਿਜਲੀ ਕੁਨੈਕਸ਼ਨ ਕਰਵਾਇਆ ਹੋਇਆ ਸੀ ਅਤੇ ਬਾਅਦ 'ਚ ਸਿੱਧੀ ਕੁੰਡੀ ਲਗਵਾ ਕੇ ਬਿਜਲੀ ਸਪਲਾਈ ਬਹਾਲ ਰੱਖੀ | ਪ੍ਰਭਾਵਿਤ ਲੋਕਾਂ ਨੇ ਦੋਸ਼ ਲਗਾਇਆ ਕਿ ਕਾਲੋਨੀ ਨਗਰ ਕੌਂਸਲ ਪ੍ਰਧਾਨ ਦੇ ਪਤੀ ਨਰੇਸ਼ ਉਪਨੇਜਾ ਅਤੇ ਸਾਬਕਾ ਕੌਂਸਲਰ ਦਵਿੰਦਰ ਸਿੰਘ ਉਰਫ਼ ਬਿੰਦਰ ਸਮੇਤ ਹੋਰਨਾਂ ਵਿਅਕਤੀਆਂ ਨੇ ਕੱਟ ਕੇ ਵੇਚੀ ਸੀ, ਜਿਸ ਬਾਰੇ ਸਾਰੇ ਸ਼ਹਿਰ ਨੂੰ ਪਤਾ ਹੈ, ਪਰ ਹੁਣ ਬਿਜਲੀ ਵਿਭਾਗ ਦੀ ਕਾਰਵਾਈ ਦੌਰਾਨ ਕੋਈ ਵੀ ਉਨ੍ਹਾਂ ਦਾ ਸਾਥ ਨਹੀਂ ਦੇ ਰਿਹਾ | ਲੋਕਾਂ ਨੇ ਕਿਹਾ ਕਿ ਨਗਰ ਕੌਂਸਲ ਪ੍ਰਧਾਨ ਦਾ ਪਤੀ ਸਾਰਾ ਦਿਨ ਨਗਰ ਕੌਂਸਲ ਦੇ ਦਫ਼ਤਰ ਵਿਚ ਪ੍ਰਧਾਨ ਦੀ ਕੁਰਸੀ 'ਤੇ ਬੈਠ ਕੇ ਸਰਕਾਰੀ ਕੰਮਕਾਜ ਕਰਦਾ ਰਹਿੰਦਾ ਹੈ ਅਤੇ ਆਪਣੇ ਆਪ ਨੂੰ ਕੌਂਸਲ ਦਾ ਪ੍ਰਧਾਨ ਦੱਸਦਾ ਹੈ, ਜਦਕਿ ਮੌਜੂਦਾ ਕੌਂਸਲਰ ਦਾ ਪਤੀ ਦਵਿੰਦਰ ਸਿੰਘ ਵੀ ਸਾਰਾ ਦਿਨ ਨਗਰ ਕੌਂਸਲ ਦਫ਼ਤਰ ਵਿਖੇ ਮੌਜੂਦ ਰਹਿੰਦਾ ਹੈ ਤੇ ਕੌਂਸਲਰ ਵਾਂਗ ਹੀ ਸਾਰੇ ਕੰਮ ਕਰਦਾ ਹੈ | ਇਸ ਤਰ੍ਹਾਂ ਸਰਕਾਰੀ ਦਫ਼ਤਰ 'ਚ ਇਨ੍ਹਾਂ ਦੀ ਮੌਜੂਦਗੀ ਸਰਕਾਰੀ ਅਧਿਕਾਰੀਆਂ ਦੀ ਕਾਰਗੁਜਾਰੀ 'ਤੇ ਕਈ ਪ੍ਰਕਾਰ ਦੇ ਪ੍ਰਸ਼ਾਨ ਚਿੰਨ੍ਹ ਲਗਾਉਂਦੀ ਹੈ | ਓਧਰ ਮੌਕੇ 'ਤੇ ਮੌਜੂਦ ਬਿਜਲੀ ਵਿਭਾਗ ਦੇ ਐੱਸ. ਡੀ. ਓ. ਨੇ ਕਿਹਾ ਕਿ ਉੱਚ ਅਧਿਕਾਰੀਆਂ ਵਲੋਂ ਜਾਂਚ ਕਰਨ ਦੇ ਹੁਕਮ ਮਿਲੇ ਸਨ ਤੇ ਜਾਂਚ ਦੌਰਾਨ ਕਾਲੋਨੀ 'ਚ 9 ਘਰਾਂ ਵਿਚ ਕੁੰਡੀ ਕੁਨੈਕਸ਼ਨ ਲੱਗੇ ਹੋਏ ਮਿਲੇ, ਜਿਨ੍ਹਾਂ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ ਤੇ ਜਲਦ ਹੀ ਅਗਲੇਰੀ ਕਾਰਵਾਈ ਮੁਕੰਮਲ ਕਰਕੇ ਇਨ੍ਹਾਂ ਘਰਾਂ ਨੂੰ ਜੁਰਮਾਨਾ ਲਗਾਇਆ ਜਾਵੇਗਾ | ਦੂਜੇ ਪਾਸੇ ਨਗਰ ਕੌਂਸਲ ਦੇ ਪ੍ਰਧਾਨ ਦੇ ਪਤੀ ਨਰੇਸ਼ ਉਪਨੇਜਾ ਤੇ ਦਵਿੰਦਰ ਸਿੰਘ ਉਰਫ ਬਿੰਦਰ ਸੈਣੀ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਪਲਾਟ ਕਿਸੇ ਹੋਰ ਕੰਪਨੀ ਨੇ ਵੇਚੇ ਹਨ, ਜਦਕਿ ਬਿਜਲੀ ਕੁਨੈਕਸ਼ਨ ਵਿਭਾਗ ਨੇ ਜਾਰੀ ਕਰਨੇ ਹਨ | ਨਰੇਸ਼ ਉਪਨੇਜ਼ਾ ਨੇ ਦਾਅਵਾ ਕੀਤਾ ਕਿ ਕਾਲੋਨੀ ਵਾਸੀਆਂ ਦਾ ਮਸਲਾ ਜਲਦ ਹੱਲ ਕਰਵਾ ਦਿੱਤਾ ਜਾਵੇਗਾ |

ਪਿਛਲੀ ਖ਼ਬਰ ਸਹਿਯੋਗੀ ਵਰਗ ਪ੍ਰਤੀ ਸਾਡੀਆਂ ਭਾਵਨਾਵਾਂ ਸ਼ਰਧਾਮਈ ਹੋਣੀਆਂ ਚਾਹੀਦੀਆਂ ਹਨ-ਰਮਨਦੀਪ ਕੌਰ ਰਮਣੀਕ ਅਗਲੀ ਖ਼ਬਰ ਡੇਰਾਬੱਸੀ ਦੇ ਕਕਰਾਲੀ ਦੀ ਧੀ ਜਸਪ੍ਰੀਤ ਕੌਰ ਨੇ ਯੂ. ਪੀ. ਐਸ. ਸੀ. ਦੀ ਪ੍ਰੀਖਿਆ 'ਚ 422ਵਾਂ ਰੈਂਕ ਕੀਤਾ ਹਾਸਿਲ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।