12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਕੌਂਸਲ ਮੀਟਿੰਗ ਲਾਵਾਰਸ ਕੁੱਤਿਆਂ ਦੀ ਸਾਂਭ-ਸੰਭਾਲ ਦੇ ਮੁੱਦੇ 'ਤੇ ਚਰਚਾ ਕਾਰਨ ਹੋਈ ਸਮਾਪਤ <br/>

ਨਗਰ ਕੌਂਸਲ ਖਰੜ ਦੀ ਆਖਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕੌਂਸਲ ਪ੍ਰਧਾਨ ਅੰਜੂ ਚੰਦਰ | ਤਸਵੀਰ : ਜੰਡਪੁਰੀ <br/> 18-04-2026
ਖਰੜ, 17 ਅਪ੍ਰੈਲ (ਤਰਸੇਮ ਸਿੰਘ ਜੰਡਪੁਰੀ)-ਮੌਜੂਦਾ ਨਗਰ ਕੌਂਸਲ ਦੇ ਕਾਰਜਕਾਲ ਦੀ ਆਖਰੀ ਮੀਟਿੰਗ ਕੌਂਸਲ ਪ੍ਰਧਾਨ ਅੰਜੂ ਚੰਦਰ ਦੀ ਅਗਵਾਈ ਹੇਠ ਦੇਰੀ ਨਾਲ ਸ਼ੁਰੂ ਹੋਈ, ਜੋ ਕਿ ਲਾਵਾਰਸ ਕੁੱਤਿਆਂ ਦੀ ਸਾਂਭ-ਸੰਭਾਲ ਦੇ ਮੁੱਦੇ 'ਤੇ ਵਿਚਾਰ-ਚਰਚਾ ਕਾਰਨ ਦੇਰ ਨਾਲ ਸਮਾਪਤ ਹੋਈ ਹੈ | ਮੀਟਿੰਗ 'ਚ ਜਿਥੇ ਮੁਲਾਜ਼ਮਾਂ ਦੇ ਮਤਿਆਂ ਨੂੰ ਸਰਬਸੰਮਤੀ ਨਾਲ ਪਾਸ ਕੀਤਾ, ਉਥੇ ਹੀ ਅਮਨ ਸਿਟੀ ਨੂੰ ਨਗਰ ਕੌਂਸਲ ਅਧੀਨ ਲਏ ਜਾਣ ਦੇ ਏਜੰਡੇ 'ਤੇ ਕੌਂਸਲਰ ਰਾਮ ਸਰੂਪ ਸਮੇਤ ਕਈ ਹੋਰਨਾਂ ਕੌਂਸਲਰਾਂ ਨੇ ਕਿਹਾ ਕਿ ਜਿਨ੍ਹਾਂ ਕਾਲੋਨੀਆਂ ਦੇ ਨਕਸ਼ੇ ਨਗਰ ਕੌਂਸਲ ਵਲੋਂ ਪਾਸ ਕੀਤੇ ਗਏ ਹਨ, ਉਨ੍ਹਾਂ ਕਾਲੋਨੀਆਂ ਨੂੰ ਕਮੇਟੀ ਵਿਚ ਸ਼ਾਮਿਲ ਕੀਤਾ ਜਾਵੇ, ਜਦਕਿ ਕੌਂਸਲਰ ਜੋਤੀ ਗੁਜਰਾਲ ਨੇ ਕਿਹਾ ਕਿ ਉਨ੍ਹਾਂ ਦੀ ਕਾਲੋਨੀ ਨੂੰ ਵੀ ਨਗਰ ਕੌਂਸਲ ਵਿਚ ਸ਼ਾਮਿਲ ਕੀਤਾ ਜਾਵੇ ਕਿਉਂਕਿ ਉਨ੍ਹਾਂ ਦੀ ਕਾਲੋਨੀ ਸਮੇਤ ਹੋਰ ਕਈ ਕਾਲੋਨੀਆਂ ਦੇ ਨਗਰ ਕੌਂਸਲ ਦੇ ਅਧੀਨ ਨਾ ਹੋਣ ਕਾਰਨ ਇਥੋਂ ਦੇ ਵਸਨੀਕਾਂ ਨੂੰ ਪਾਣੀ ਤੇ ਸੀਵਰੇਜ ਨਾਲ ਸੰਬੰਧਿਤ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ | ਕਲੋਨਾਈਜ਼ਰ ਲੋਕਾਂ ਨੂੰ ਪਲਾਟ ਵੇਚ ਕੇ ਚਲੇ ਗਏ ਹਨ, ਪਰ ਮੁਸੀਬਤਾਂ ਦੇ ਰੂਪ 'ਚ ਖ਼ਮਿਆਜ਼ਾ ਖ਼ਰੀਦਦਾਰਾਂ ਨੂੰ ਭੁਗਤਣਾ ਪੈ ਰਿਹਾ ਹੈ | ਇਸੇ ਦੌਰਾਨ ਇਕ ਮਸਲੇ ਨੂੰ ਲੈ ਕੇ ਕੌਂਸਲਰ ਮਨਪ੍ਰੀਤ ਸਿੰਘ ਮੰਨਾ ਅਤੇ ਕਾਰਜ ਸਾਧਕ ਅਫ਼ਸਰ ਵਿਚਕਾਰ ਕਾਫ਼ੀ ਗਹਿਮਾ-ਗਹਿਮੀ ਵੀ ਹੋਈ ਕਿਉਂਕਿ ਜਿਵੇਂ ਹੀ ਕੌਂਸਲਰ ਮੰਨਾ ਨੇ ਕਿਹਾ ਕਿ ਜਦੋਂ ਬਿਲਡਰ ਵਲੋਂ ਸੜਕ ਆਪਣੇ ਪੱਧਰ 'ਤੇ ਬਣਾਈ ਜਾ ਰਹੀ ਸੀ ਤਾਂ ਉਸ ਸਮੇਂ ਨਗਰ ਕੌਂਸਲ ਵਲੋਂ ਸੜਕ ਦਾ ਕੰਮ ਰੋਕ ਦਿੱਤਾ ਗਿਆ | ਇਸ 'ਤੇ ਕਾਰਜ ਸਾਧਕ ਅਫ਼ਸਰ ਨੇ ਕਿਹਾ ਕਿ ਇਹ ਤੁਹਾਡਾ ਨਿੱਜੀ ਮਸਲਾ ਹੋਵੇਗਾ, ਜਿਸ ਕਰਕੇ ਤੁਸੀਂ ਗੱਲ ਕਰ ਰਹੇ ਹੋ, ਜਦਕਿ ਇਥੇ ਸਰਕਾਰੀ ਸੜਕ ਬਣ ਚੁੱਕੀ ਹੈ | ਉਨ੍ਹਾਂ ਕਿਹਾ ਕਿ ਜੇਕਰ ਬਿਲਡਰ ਸੜਕ ਨਾਲ ਕੋਈ ਛੇੜਛਾੜ ਕਰੇਗਾ ਤਾਂ ਉਸ ਖ਼ਿਲਾਫ਼ ਪਰਚਾ ਵੀ ਦਰਜ ਕਰਵਾਇਆ ਜਾਵੇਗਾ | ਇਸ ਗੱਲ 'ਤੇ ਕੌਂਸਲਰ ਮੰਨਾ ਤੇ ਵਿਨੀਤ ਜੈਨ ਨੇ ਭੜਕਦਿਆਂ ਕਿਹਾ ਕਿ ਪਿੰਡ ਝੂੰਗੀਆਂ ਦੇ ਕਮਿਊਨਿਟੀ ਸੈਂਟਰ ਲਈ ਜੋ ਸੜਕ ਬਣਾਈ ਗਈ ਹੈ, ਉਸ ਲਈ ਨਗਰ ਕੌਂਸਲ ਇਹ ਨਹੀਂ ਮੰਨ ਰਹੀ ਕਿ ਇਹ ਸੜਕ ਕਿਸ ਨੇ ਬਣਾਈ ਹੈ, ਲਿਹਾਜ਼ਾ ਨਗਰ ਕੌਂਸਲ ਦੇ ਅਧਿਕਾਰੀ ਸਪੱਸ਼ਟ ਕਰਨ ਕਿ ਕਮਿਊਨਿਟੀ ਸੈਂਟਰ ਵਾਲੀ ਸੜਕ ਬਣਾਉਣ ਵਾਲੇ ਵਿਅਕਤੀ ਖ਼ਿਲਾਫ਼ ਕਿਹੜਾ ਪਰਚਾ ਦਰਜ ਕਰਵਾਇਆ ਗਿਆ ਹੈ | ਇਸੇ ਦੌਰਾਨ ਕੌਂਸਲਰ ਰਾਜਵੀਰ ਸਿੰਘ ਰਾਜੀ ਇਸ ਗੱਲ 'ਤੇ ਕਾਫੀ ਦੇਰ ਅੜੇ ਰਹੇ ਕਿ ਉਨ੍ਹਾਂ ਨੇ ਮੀਟਿੰਗਾਂ ਵਿਚ ਲਾਵਾਰਸ ਕੁੱਤਿਆਂ ਦੀ ਵੱਧ ਰਹੀ ਤਾਦਾਦ ਨੂੰ ਲੈ ਕੇ ਮਤਾ ਲਿਆਂਦਾ ਸੀ, ਪਰ ਹੁਣ ਤੱਕ ਨਗਰ ਕੌਂਸਲ ਨੇ ਇਸ ਸੰਬੰਧੀ ਕੀ ਕਾਰਵਾਈ ਕੀਤੀ ਹੈ, ਇਸ ਸੰਬੰਧੀ ਸਾਨੂੰ ਰਿਕਾਰਡ ਦਿਖਾਇਆ ਜਾਵੇ | ਇਸ ਮਸਲੇ ਨੂੰ ਲੈ ਕੇ ਮੀਟਿੰਗ 'ਚ ਕਾਫ਼ੀ ਦੇਰ ਤੱਕ ਹੰਗਾਮਾ ਹੁੰਦਾ ਰਿਹਾ, ਜਿਸ 'ਤੇ ਅਧਿਕਾਰੀਆਂ ਨੇ ਕਿਹਾ ਕਿ ਇਸ ਸੰਬੰਧੀ ਇਕ ਕਮੇਟੀ ਬਣਾਈ ਗਈ ਸੀ ਤੇ ਸ਼ੈਲਟਰ ਤਿਆਰ ਕੀਤਾ ਜਾ ਰਿਹਾ ਹੈ | ਇਸੇ ਦੌਰਾਨ ਕੌਂਸਲਰ ਸ਼ਿਵਾਨੀ ਚੱਢਾ ਤੇ ਮਾਨ ਸਿੰਘ ਨੇ ਕਿਹਾ ਕਿ ਉਹ ਉਨ੍ਹਾਂ ਦੇ ਖੇਤਰ 'ਚ ਟਿਊਬਵੈੱਲ ਖ਼ਰਾਬ ਹੋਣ ਬਾਰੇ ਕਈ ਵਾਰ ਕੌਂਸਲ ਅਧਿਕਾਰੀਆਂ ਨੂੰ ਆਖ ਚੁੱਕੇ ਹਨ, ਪਰ ਟਿਊਬਵੈੱਲ ਸੰਬੰਧੀ ਕਿਸੇ ਨੇ ਕੋਈ ਸਾਰ ਨਹੀਂ ਲਈ | ਇਸੇ ਦੌਰਾਨ ਕੁੱਤਿਆਂ ਨੂੰ ਇਕ ਥਾਂ 'ਤੇ ਫ਼ੀਡ ਦੇਣ ਲਈ ਬਣਾਏ ਜਾ ਰਹੇ ਪੁਆਇੰਟ 'ਤੇ ਵਾ. ਨੰ. 5 ਦੇ ਕੌਂਸਲਰ ਨੇ ਕਿਹਾ ਕਿ ਉਹ ਭਗਤ ਘਾਟ ਲਾਗੇ ਇਹ ਪ੍ਰਾਜੈਕਟ ਨਹੀਂ ਬਣਨ ਦੇਣਗੇ, ਜਦਕਿ ਕੌਂਸਲਰ ਰਾਜਵੰਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਦੇ ਕਮਿਊਨਿਟੀ ਸੈਂਟਰ ਵਿਚ ਕੂੜੇ ਦੇ ਢੇਰ ਲੱਗੇ ਹਨ ਤੇ ਸੈਂਟਰ ਦਾ ਕੰਮ ਵੀ ਅਧੂਰਾ ਪਿਆ ਹੈ, ਲਿਹਾਜ਼ਾ ਇਥੇ ਸਫ਼ਾਈ ਕਰਵਾਈ ਜਾਵੇ ਤੇ ਸੈਂਟਰ ਦਾ ਕੰਮ ਮੁਕੰਮਲ ਕੀਤਾ ਜਾਵੇ | ਇਸ ਤੋਂ ਬਾਅਦ ਕੌਂਸਲਰ ਗੋਬਿੰਦਰ ਸਿੰਘ ਚੀਮਾ ਵਲੋਂ ਪਿੰਡ ਭੁੱਖੜੀ ਦੀ ਜ਼ਮੀਨ 'ਤੇ ਬਣਾਏ ਗਏ ਗਰਾਊਾਡ 'ਤੇ ਕਿਸੇ ਵਿਅਕਤੀ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਨੂੰ ਛੁਡਾਉਣ ਦੀ ਮੰਗ ਕੀਤੀ ਗਈ | ਇਸ ਤੋਂ ਇਲਾਵਾ ਉਨ੍ਹਾਂ ਪਸ਼ੂ ਮੰਡੀ ਦਾਊਾਮਾਜਰਾ 'ਚ ਗਊਸ਼ਾਲਾ ਬਣਾਉਣ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਵਾਰਡ ਵਿਚ ਗ਼ਲਤ ਨਕਸ਼ੇ ਪਾਸ ਕੀਤੇ ਗਏ ਹਨ ਅਤੇ ਜੋ ਇਕ ਆਮ ਸਰਕਾਰੀ ਰਸਤਾ ਸੀ, ਉਹ ਵੀ ਬੰਦ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਜੇਕਰ ਕੋਈ ਗ਼ਰੀਬ ਵਿਅਕਤੀ ਨਕਸ਼ਾ ਪਾਸ ਜਾਂ ਕੋਈ ਹੋਰ ਕੰਮ ਕਰਵਾਉਣ ਲਈ ਕੌਂਸਲ ਦਫ਼ਤਰ ਵਿਖੇ ਆਉਂਦਾ ਹੈ ਤਾਂ ਉਸ ਦੇ ਪੱਲੇ ਨਿਰਾਸ਼ਾ ਹੀ ਪੈਂਦੀ ਹੈ, ਪਰ ਜਿਥੋਂ ਦੇ ਨਕਸ਼ੇ ਪਾਸ ਹੁੰਦੇ ਹਨ, ਉਥੇ ਨਾ ਤਾਂ ਕੋਈ ਪਾਰਕ ਹੈ ਅਤੇ ਨਾ ਹੀ 50 ਗਜ਼ ਦਾ ਕੋਈ ਪਲਾਟ ਹੈ, ਜਿਥੇ ਕਿ ਟਿਊਬਵੈੱਲ ਲਗਾਇਆ ਜਾ ਸਕੇ |

ਪਿਛਲੀ ਖ਼ਬਰ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਜਨ-ਹਿੱਤ ਵਿਕਾਸ ਮੰਚ ਨੇ 6 ਮਈ ਤੋਂ ਧਰਨਾ ਲਗਾਉਣ ਦਾ ਕੀਤਾ ਐਲਾਨ <br/> ਅਗਲੀ ਖ਼ਬਰ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਮੁਹਾਲੀ ਵਿਖੇ 'ਰੰਗਲਾ ਪੰਜਾਬ' ਵਿਕਾਸ ਗ੍ਰਾਂਟਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।