19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਪੰਜਾਬ ਕਲਾ ਪ੍ਰੀਸ਼ਦ ਨੇ ਨਾਵਲਕਾਰ ਨਕਸ਼ਦੀਪ ਪੰਜਕੋਹਾ ਤੇ ਸੰਤਵੀਰ ਨਾਲ ਸੰਵਾਦ ਸਮਾਰੋਹ ਕਰਵਾਇਆ <br/>

ਅਜੀਤ ਡੈਸਕ 19-04-2026
ਖਰੜ, 18 ਅਪ੍ਰੈਲ (ਜੰਡਪੁਰੀ)-ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਵਲੋਂ ਪੰਜਾਬ ਦੀ ਨਵ-ਸਿਰਜਣਾ ਤਹਿਤ ਆਰੰਭ ਕੀਤੀ ਲੜੀ 'ਸਿਰਜਣਾ ਅਤੇ ਸੰਵਾਦ' ਅਧੀਨ ਪੰਜਾਬੀ ਸਾਹਿਤ ਸਭਾ ਖਰੜ ਦੇ ਵਿਸ਼ੇਸ਼ ਸਹਿਯੋਗ ਨਾਲ ਸਥਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਇਲਾਕੇ ਦੇ ਪ੍ਰਸਿੱਧ ਨਾਵਲਕਾਰਾਂ ਨਕਸ਼ਦੀਪ ਪੰਜਕੋਹਾ ਤੇ ਸੰਤਵੀਰ ਨਾਲ ਸੰਵਾਦ ਸਮਾਰੋਹ ਕਰਵਾਇਆ | ਸਮਾਰੋਹ ਦੇ ਸ਼ੁਰੂਆਤ ਮੌਕੇ ਕੋਆਰਡੀਨੇਟਰ ਡਾ. ਜੇ. ਬੀ. ਸੇਖੋਂ ਨੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਦੀ ਅਗਵਾਈ ਹੇਠ ਚੱਲ ਰਹੀ ਇਸ ਹਫ਼ਤਾਵਰੀ ਗੋਸ਼ਟੀ ਦੇ ਮੰਤਵ ਤੋਂ ਜਾਣੂ ਕਰਵਾਉਂਦਿਆਂ ਇਸ ਨੂੰ ਨਾਵਲ ਚਿੰਤਨ ਦੇ ਖੇਤਰ ਲਈ ਲਾਹੇਵੰਦ ਪ੍ਰਕਿਰਿਆ ਕਿਹਾ | ਇਸ ਮੌਕੇ ਨਾਵਲਕਾਰ ਨਕਸ਼ਦੀਪ ਪੰਜਕੋਹਾ ਨੇ ਆਪਣੇ ਸਾਰੇ ਨਾਵਲਾਂ ਦੀ ਰਚਨਾ ਪ੍ਰਕਿਰਿਆ ਬਾਰੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਆਪਣੇ ਨਾਵਲਾਂ ਦੇ ਵਿਸ਼ੇ ਵਸਤੂ ਦੀ ਚੋਣ, ਪਾਤਰ, ਭਾਸ਼ਾ ਤੇ ਪੇਸ਼ਕਾਰੀ ਨਾਲ ਜੁੜੇ ਵੱਖ-ਵੱਖ ਪੱਖਾਂ ਨੂੰ ਸਭ ਦੇ ਸਾਹਮਣੇ ਰੱਖਿਆ | ਕਹਾਣੀਕਾਰ ਅਜਮੇਰ ਸਿੱਧੂ ਨੇ ਉਨ੍ਹਾਂ ਨਾਲ ਸੰਵਾਦ ਦਾ ਆਗਾਜ਼ ਕੀਤਾ ਅਤੇ ਨਾਵਲਾਂ 'ਚ ਨਾਵਲਾਂ ਦੇ ਸਿਰਜਣਾਤਮਕ ਪਿਛੋਕੜ ਬਾਰੇ ਸਵਾਲ ਰੱਖੇ | ਇਸ ਮੌਕੇ ਸਭਾ ਦੇ ਪ੍ਰਧਾਨ ਡਾ. ਜਸਪਾਲ ਜੱਸੀ, ਲੇਖਕ ਗੁਰਿੰਦਰ ਸਿੰਘ ਕਲਸੀ ਤੇ ਸਭਾ ਦੇ ਸਰਪ੍ਰਸਤ ਮਨਮੋਹਨ ਸਿੰਘ ਦਾਊਾ ਨੇ ਪੰਜਾਬੀ ਨਾਵਲ ਪ੍ਰੰਪਰਾ 'ਚ ਆਵਾਸ ਤੇ ਪ੍ਰਵਾਸ ਦੇ ਮਸਲਿਆਂ ਸੰਬੰਧੀ ਨਕਸ਼ਦੀਪ ਪੰਜਕੋਹਾ ਨਾਲ ਸਵਾਲ-ਜਵਾਬ ਕੀਤੇ | ਦੂਜੇ ਸੈਸ਼ਨ 'ਚ ਨਾਵਲਕਾਰ ਸੰਤਵੀਰ ਨੇ ਆਪਣੇ ਨਾਵਲਾਂ 'ਚ 1947 ਦੀ ਵੰਡ, ਔਰਤ ਮਰਦ ਭੇਦਭਾਵ, ਪੰਜਾਬ ਸੰਕਟ ਤੇ ਪੂੰਜੀਵਾਦੀ ਪ੍ਰਬੰਧ ਨਾਲ ਪੈਦਾ ਹੋਏ ਮਸਲਿਆਂ ਬਾਰੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਆਪਣੇ ਨਾਵਲਾਂ ਦੇ ਪਾਤਰਾਂ ਬਾਰੇ ਕਿਹਾ ਕਿ ਦਫ਼ਤਰੀ ਅਨੁਭਵ ਅਤੇ ਸਮਾਜਿਕ ਜ਼ਿੰਦਗੀ 'ਚੋਂ ਉਨ੍ਹਾਂ ਨੇ ਪਾਤਰਾਂ ਦੀ ਚੋਣ ਕੀਤੀ ਹੈ | ਇਸ ਤੋਂ ਬਾਅਦ ਸੰਤਵੀਰ ਨਾਲ ਡਾ. ਰਜਿੰਦਰ ਸਿੰਘ ਕੁਰਾਲੀ, ਗੁਰਮੀਤ ਸਿੰਘ ਸਿੰਗਲ, ਅਮਰਜੀਤ ਅਰਪਨ ਨੇ ਨਾਵਲ ਅਤੇ ਯਥਾਰਥ, ਬਿ੍ਤਾਂਤ ਦੀ ਭਾਸ਼ਾ, ਨਾਵਲ ਦੇ ਪ੍ਰੇਰਨਾ ਸੂਤਰ, ਕਥਾ ਅੰਦਰ ਕਲਪਨਾਤਮਕ ਅੰਸ਼ ਆਦਿ ਬਾਰੇ ਸੰਵਾਦ ਰਚਾਇਆ | ਇਸ ਮੌਕੇ ਦੋਵਾਂ ਨਾਵਲਕਾਰਾਂ ਨੇ ਆਪਣੇ ਨਾਵਲਾਂ ਦੇ ਵੱਖ-ਵੱਖ ਪਹਿਲੂਆਂ ਬਾਰੇ ਤੇ ਪੰਜਾਬੀ ਨਾਵਲ ਪ੍ਰੰਪਰਾ ਦੇ ਪ੍ਰਸੰਗ 'ਚ ਸਵਾਲਾਂ ਦੇ ਜਵਾਬ ਦਿੱਤੇ | ਇਸ ਮੌਕੇ ਰੁਪਿੰਦਰ ਰੁਪਾਲ ਕੌਲਗੜ੍ਹ, ਡਾ. ਹਰਨੇਕ ਸਿੰਘ ਕਲੇਰ, ਬੁੱਧ ਸਿੰਘ ਨੀਲੋਂ, ਸਰੂਪ ਸਿਆਲਵੀ, ਸੁਖਵੀਰ ਸਿੰਘ ਤੇ ਜਸਪਾਲ ਸਿੰਘ ਦੇਸੂਵੀ ਨੇ ਵੀ ਸੰਵਾਦ ਸੈਸ਼ਨ 'ਚ ਹਿੱਸਾ ਲਿਆ | ਸਮਾਰੋਹ ਦੌਰਾਨ ਮਲਕੀਤ ਸਿੰਘ ਨਾਗਰਾ, ਜੇ. ਐੱਸ. ਨਾਗਰਾ, ਰਾਜ ਕੁਮਾਰ ਮੋਰਿੰਡਾ, ਕਾਮਰੇਡ ਕਾਕਾ ਰਾਮ ਮੋਰਿੰਡਾ, ਡਾ. ਦਵਿੰਦਰ ਕੌਰ ਖੁਸ਼ ਧਾਲੀਵਾਲ ਤੇ ਸਤਨਾਮ ਸਿੰਘ ਸਮੇਤ ਹੋਰ ਪਾਠਕ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਅੰਬੇਡਕਰ ਵੈੱਲਫ਼ੇਅਰ ਸੁਸਾਇਟੀ ਨੇ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਮਨਾਇਆ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।