ਵਿਧਾਇਕ ਰੰਧਾਵਾ ਵਲੋਂ ਹਾਈਟੈੱਕ ਡਾਗ ਕੈਚਰ ਐਂਬੂਲੈਂਸ ਤੇ ਸਵੀਪਿੰਗ ਮਸ਼ੀਨ ਲਾਂਚ
ਅਜੀਤ ਡੈਸਕ
29-04-2026
49.50 ਲੱਖ ਦੀ ਸਵੀਪਿੰਗ ਮਸ਼ੀਨ ਨਾਲ ਚਮਕਣਗੀਆਂ ਸੜਕਾਂ
ਵਿਧਾਇਕ ਰੰਧਾਵਾ ਨੇ ਕਿਹਾ ਕਿ ਸ਼ਹਿਰ ਦੀਆਂ ਮੁੱਖ ਸੜਕਾਂ ਨੂੰ ਮਿੱਟੀ-ਘੱਟੇ ਤੋਂ ਮੁਕਤ ਕਰਨ ਲਈ 49.50 ਲੱਖ ਰੁ. ਦੀ ਲਾਗਤ ਨਾਲ ਆਧੁਨਿਕ ਸਵੀਪਿੰਗ ਮਸ਼ੀਨ ਲਿਆਂਦੀ ਗਈ ਹੈ | ਇਹ ਮਸ਼ੀਨ ਰਾਤ ਸਮੇਂ ਸੜਕਾਂ ਦੀ ਸਫ਼ਾਈ ਕਰੇਗੀ, ਜਿਸ ਨਾਲ ਧੂੜ-ਮਿੱਟੀ ਕਾਰਨ ਹੋਣ ਵਾਲੇ ਪ੍ਰਦੂਸ਼ਣ ਤੋਂ ਲੋਕਾਂ ਨੂੰ ਨਿਜ਼ਾਤ ਮਿਲੇਗੀ | ਮਸ਼ੀਨਰੀ ਰਵਾਨਾ ਕਰਨ ਉਪਰੰਤ ਵਿਧਾਇਕ ਰੰਧਾਵਾ ਨੇ 'ਆਪ' ਟੀਮ ਮੈਂਬਰਾਂ ਅਤੇ ਅਧਿਕਾਰੀਆਂ ਨਾਲ ਵਿਸਥਾਰਪੂਰਵਕ ਮੀਟਿੰਗ ਕੀਤੀ | ਉਨ੍ਹਾਂ ਅਧਿਕਾਰੀਆਂ ਨੂੰ ਦਫ਼ਤਰਾਂ 'ਚ ਲੋਕਾਂ ਦੇ ਪੈਂਡਿੰਗ ਪਏ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਨਿਪਟਾਉਣ ਦੇ ਨਿਰਦੇਸ਼ ਦਿੱਤੇ |
ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਹੋਵੇਗਾ ਪੱਕਾ ਹੱਲ
ਇਸ ਮੌਕੇ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਰਵਨੀਤ ਸਿੰਘ ਨੇ ਦੱਸਿਆ ਕਿ 15.95 ਲੱਖ ਰੁ. ਦੀ ਲਾਗਤ ਵਾਲੀ ਇਹ ਐਂਬੂਲੈਂਸ ਵੈਨ ਅਵਾਰਾ ਕੁੱਤਿਆਂ ਨੂੰ ਸੁਰੱਖਿਅਤ ਤਰੀਕੇ ਨਾਲ ਫੜ੍ਹ ਕੇ ਨਸਬੰਦੀ ਆਪ੍ਰੇਸ਼ਨ ਥੀਏਟਰ (ਜੋ ਕਿ ਮਾਹੀ ਵਾਲਾ ਵਿਖੇ ਬਣਾਇਆ ਗਿਆ ਹੈ) ਤੱਕ ਪਹੁੰਚਾਉਣ ਦਾ ਕੰਮ ਕਰੇਗੀ | ਉਨ੍ਹਾਂ ਸਪੱਸ਼ਟ ਕੀਤਾ ਕਿ ਹਾਲਾਂਕਿ ਕੁੱਤਿਆਂ ਦੀ ਨਸਬੰਦੀ ਸੰਬੰਧੀ ਅੰਤਿਮ ਪ੍ਰਵਾਨਗੀ ਮਿਲਣੀ ਹਾਲੇ ਬਾਕੀ ਹੈ, ਪਰ ਉਦੋਂ ਤੱਕ ਇਸ ਮਿਸ਼ਨ ਦੇ ਤਹਿਤ ਜ਼ੀਰਕਪੁਰ ਸਥਿਤ ਸੈਂਟਰ ਦੀਆਂ ਸੇਵਾਵਾਂ ਲਈਆਂ ਜਾਣਗੀਆਂ ਤਾਂ ਜੋ ਸ਼ਹਿਰ ਵਾਸੀਆਂ ਨੂੰ ਤੁਰੰਤ ਰਾਹਤ ਮਿਲ ਸਕੇ | ਇਹ ਵੈਨ ਇਕ ਸਮੇਂ 'ਚ 10-12 ਕੁੱਤਿਆਂ ਨੂੰ ਲਿਜਾਣ ਦੀ ਸਮਰੱਥਾ ਰੱਖਦੀ ਹੈ |