ਪੰਚਕੂਲਾ, 29 ਅਪ੍ਰੈਲ (ਕਪਿਲ)-ਪੰਚਕੂਲਾ-ਸ਼ਿਮਲਾ ਨੈਸ਼ਨਲ ਹਾਈਵੇਅ 'ਤੇ ਪਿੰਜੌਰ-ਸੂਰਜਪੁਰ ਨੇੜੇ ਇਕ ਤੇਜ਼ ਰਫ਼ਤਾਰ ਕਾਰ ਨੇ ਓਵਰਟੇਕ ਕਰਦੇ ਸਮੇਂ ਟਰੈਕਟਰ-ਟਰਾਲੀ ਨੂੰ ਟੱਕਰ ਮਾਰ ਦਿੱਤੀ | ਟੱਕਰ ਇੰਨੀ ਜਬਰਦਸਤ ਸੀ ਕਿ ਕਾਰ ਦਾ ਮੂੰਹ ਦੂਜੇ ਪਾਸੇ ਨੂੰ ਹੋ ਗਿਆ ਅਤੇ ਟਰੈਕਟਰ ਇਕਦਮ ਮੁੜਨ ਕਾਰਨ ਟਰਾਲੀ ਵੀ ਪਲਟ ਗਈ | ਹਾਦਸੇ 'ਚ ਦੋਵਾਂ ਵਾਹਨਾਂ 'ਚ ਸਵਾਰ ਲੋਕ ਜ਼ਖਮੀ ਹੋ ਗਏ | ਟਰੈਕਟਰ ਚਾਲਕ ਸ਼ਿਆਮ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪਿੰਜੌਰ ਤੋਂ ਸੂਰਜਪੁਰ ਵੱਲ ਜਾ ਰਿਹਾ ਸੀ ਅਤੇ ਇਸ ਦੌਰਾਨ ਇਕ ਤੇਜ਼ ਰਫ਼ਤਾਰ ਕਾਰ ਪਿੱਛੋਂ ਆਈ ਅਤੇ ਓਵਰਟੇਕ ਕਰਦੇ ਹੋਏ ਟਰੈਕਟਰ ਨੂੰ ਟੱਕਰ ਮਾਰ ਦਿੱਤੀ | ਇਸ ਕਾਰਨ ਟਰੈਕਟਰ ਬੇਕਾਬੂ ਹੋ ਕੇ ਘੁੰਮ ਗਿਆ ਅਤੇ ਟਰਾਲੀ ਪਲਟ ਗਈ | ਉਨ੍ਹਾਂ ਦੱਸਿਆ ਕਿ ਟਰੈਕਟਰ 'ਚ ਪੱਪੂ ਅਤੇ ਉਮੇਸ਼ ਵੀ ਸਵਾਰ ਸਨ | ਹਾਦਸੇ 'ਚ ਪੱਪੂ ਨੂੰ ਹਲਕੀਆਂ ਸੱਟਾਂ ਲੱਗੀਆਂ, ਜਦਕਿ ਉਮੇਸ਼ ਦੀ ਬਾਂਹ 'ਚ ਫਰੈਕਚਰ ਹੋ ਗਿਆ | ਇਸੇ ਤਰ੍ਹਾਂ ਕਾਰ 'ਚ ਇਕ ਪੁਰਸ਼ ਅਤੇ ਮਹਿਲਾ ਵੀ ਜ਼ਖ਼ਮੀ ਹੋ ਗਏ | ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਨਿੱਜੀ ਵਾਹਨ ਰਾਹੀਂ ਅਮਰਾਵਤੀ ਪੌਲੀਕਲੀਨਿਕ ਸੈਂਟਰ ਵਿਖੇ ਪਹੁੰਚਾਇਆ ਗਿਆ, ਜਿਥੋਂ ਗੰਭੀਰ ਹਾਲਤ ਦੇ ਚਲਦੇ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਫੇਜ਼-6 ਪੰਚਕੂਲਾ ਵਿਖੇ ਰੈਫ਼ਰ ਕਰ ਦਿੱਤਾ ਗਿਆ | ਹਾਦਸੇ 'ਚ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ | ਹਾਦਸੇ ਦੀ ਸੂਚਨਾ ਮਿਲਣ 'ਤੇ ਸਥਾਨਕ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ | ਪੁਲਿਸ ਅਧਿਕਾਰੀ ਅਨਿਲ ਕੁਮਾਰ ਨੇ ਦੱਸਿਆ ਕਿ ਜ਼ਖਮੀਆਂ ਨੂੰ ਐਂਬੂਲੈਂਸ ਦੀ ਮਦਦ ਨਾਲ ਪੰਚਕੂਲਾ ਦੇ ਸੈਕਟਰ-6 ਸਥਿਤ ਸਰਕਾਰੀ ਹਸਪਤਾਲ ਵਿਖੇ ਭੇਜਿਆ ਗਿਆ ਅਤੇ ਸੜਕ 'ਤੇ ਆਵਾਜਾਈ ਸੁਚਾਰੂ ਕਰਵਾਈ ਗਈ |