ਐੱਸ. ਏ. ਐੱਸ. ਨਗਰ, 29 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਫੇਜ਼-7 ਸਥਿਤ ਸੇਂਟ ਸੋਲਜ਼ਰ ਇੰਟਰਨੈਸ਼ਨਲ ਕਾਨਵੈਂਟ ਸਕੂਲ ਵਿਖੇ ਅੱਜ ਅੱਧੀ ਛੁੱਟੀ ਸਮੇਂ ਉਦੋਂ ਹੜਕੰਪ ਮਚ ਗਿਆ, ਜਦੋਂ ਸਕੂਲ ਦੇ ਨਾਲ ਲਗਦੇ ਗਮਾਡਾ ਅਧੀਨ ਚੱਲ ਰਹੇ ਸਟੇਡੀਅਮ 'ਚ ਖੇਡ ਰਹੇ ਵਿਦਿਆਰਥੀਆਂ 'ਤੇ ਮਧੂ-ਮੱਖੀਆਂ ਵਲੋਂ ਅਚਾਨਕ ਹਮਲਾ ਕਰ ਦਿੱਤਾ ਗਿਆ ਅਤੇ 35-40 ਬੱਚਿਆਂ ਦੇ ਮਧੂ ਮੱਖੀਆਂ ਨੇ ਜ਼ਖ਼ਮੀ ਕਰ ਦਿੱਤਾ, ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਮੁਹਾਲੀ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਮਧੂ-ਮੱਖੀਆਂ ਦੇ ਛੱਤੇ ਨਾਲ ਕਿਸੇ ਬੱਚੇ ਵਲੋਂ ਸ਼ਰਾਰਤ ਕੀਤੇ ਜਾਣ ਕਾਰਨ ਮਧੂ-ਮੱਖੀਆਂ ਨੇ ਗਰਾਊਾਡ ਵਿਚ ਖੇਡ ਰਹੇ ਬੱਚਿਆਂ 'ਤੇ ਇਕਦਮ ਹਮਲਾ ਕਰ ਦਿੱਤਾ, ਜਿਸ ਕਾਰਨ ਸਕੂਲੀ ਵਿਦਿਆਰਥੀਆਂ ਵਿਚ ਅਫ਼ਰਾ-ਤਫ਼ਰੀ ਮਚ ਗਈ | ਸਕੂਲ ਪ੍ਰਬੰਧਕ ਵਲੋਂ ਮਧੂ-ਮੱਖੀਆਂ ਦੇ ਡੰਗਾਂ ਤੋਂ ਪੀੜਤ ਬੱਚਿਆਂ ਨੂੰ ਤੁਰੰਤ ਇਲਾਜ ਲਈ ਮੁਹਾਲੀ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ | ਘਟਨਾ ਦੀ ਜਾਣਕਾਰੀ ਮਿਲਦੇ ਸਾਰ ਹੀ ਵਿਦਿਆਰਥੀਆਂ ਦੇ ਮਾਪੇ ਵੀ ਹਸਪਤਾਲ ਪਹੁੰਚ ਗਏ, ਜਿੱਥੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਕੂਲ ਪ੍ਰਬੰਧਕਾਂ ਖ਼ਿਲਾਫ਼ ਨਾਰਾਜ਼ਗੀ ਜ਼ਾਹਿਰ ਕਰਦਿਆਂ ਦੱਸਿਆ ਕਿ ਸਕੂਲ ਪ੍ਰਬੰਧਕਾਂ ਵਲੋਂ ਉਨ੍ਹਾਂ ਨੂੰ ਇਸ ਘਟਨਾ ਸੰਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਬੱਚਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਪ੍ਰਬੰਧਕਾਂ ਨੂੰ ਗਮਾਡਾ ਅਧੀਨ ਗਰਾਊਾਡ ਵਿਚ ਲੱਗੇ ਮਧੂ-ਮੱਖੀਆਂ ਦੇ ਛੱਤੇ ਸੰਬੰਧੀ ਜਾਣਕਾਰੀ ਦਿੱਤੀ ਗਈ ਸੀ, ਪਰ ਕਿਸੇ ਵਲੋਂ ਇਸ ਨੂੰ ਹਟਾਇਆ ਨਹੀਂ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਐਡੀਸ਼ਨਲ ਮੈਡੀਕਲ ਸੁਪਰਡੈਂਟ ਡਾ. ਅਮਿਤ ਅਗਰਵਾਲ ਨੇ ਦੱਸਿਆ ਕਿ ਬਾਅਦ ਦੁਪਹਿਰ ਸਥਿਤ ਸੇਂਟ ਸੋਲਜ਼ਰ ਸਕੂਲ ਫੇਜ਼-7 ਦੇ 30-35 ਬੱਚੇ ਹਸਪਤਾਲ ਪਹੁੰਚੇ ਸਨ, ਜੋ ਦੱਸ ਰਹੇ ਸਨ ਕਿ ਉਨ੍ਹਾਂ 'ਤੇ ਮਧੂ-ਮੱਖੀਆਂ ਨੇ ਹਮਲਾ ਕਰ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਜਦੋਂ ਬੱਚੇ ਹਸਪਤਾਲ ਪਹੁੰਚੇ ਤਾਂ ਉਨ੍ਹਾਂ ਨੂੰ ਸੋਜ ਆ ਰਹੀ ਸੀ ਅਤੇ ਬੱਚਿਆਂ ਦੀ ਛਾਤੀ, ਗਰਦਨ ਤੇ ਪਿੱਠ 'ਤੇ ਡੰਗਾਂ ਤੋਂ ਇਲਾਵਾ ਕੇਵਲ ਇਕ ਬੱਚੇ ਦੇ ਮੂੰਹ 'ਤੇ ਮਧੂ-ਮੱਖੀਆਂ ਦੇ ਡੰਗ ਦੇ ਨਿਸ਼ਾਨ ਸਨ | ਹਸਪਤਾਲ ਪੁੱਜਣ 'ਤੇ ਉਨ੍ਹਾਂ ਤੁਰੰਤ ਬੱਚਿਆਂ ਦੇ ਟੀਕੇ ਲਗਾਏ ਅਤੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਕਈ ਬੱਚਿਆਂ ਨੂੰ ਤੁਰੰਤ ਘਰ ਭੇਜ ਦਿੱਤਾ ਗਿਆ, ਜਦਕਿ ਕੁਝ ਬੱਚਿਆਂ ਨੂੰ 1-2 ਘੰਟੇ ਹਸਪਤਾਲ ਵਿਚ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਣ ਉਪਰੰਤ ਘਰ ਭੇਜਿਆ ਗਿਆ | ਇਸ ਮੌਕੇ ਹਸਪਤਾਲ ਵਿਖੇ ਪੁੱਜੇ ਮਾਪਿਆਂ ਨੇ ਪ੍ਰਸ਼ਾਸਨ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਤੋਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ |