ਮੁੱਲਾਂਪੁਰ ਗਰੀਬਦਾਸ, 29 ਅਪ੍ਰੈਲ (ਦਿਲਬਰ ਸਿੰਘ ਖੈਰਪੁਰ)-ਨਿਊ ਚੰਡੀਗੜ੍ਹ ਵਿਖੇ ਦਿਨੋਂ-ਦਿਨ ਵਧ ਰਹੀ ਟ੍ਰੈਫ਼ਿਕ ਕਾਰਨ ਸੜਕੀ ਹਾਦਸਿਆਂ 'ਚ ਵਾਧਾ ਹੋ ਰਿਹਾ ਹੈ | ਰੋਜ਼ਾਨਾ ਟ੍ਰੈਫ਼ਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਵਾਹਨ ਚਾਲਕ ਦੂਜਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਨਜ਼ਰ ਆ ਰਹੇ ਹਨ | ਚੌਕਾਂ 'ਤੇ ਟ੍ਰੈਫ਼ਿਕ ਪੁਲਿਸ ਦੀ ਨਫਰੀ ਘੱਟ ਹੋਣ ਕਾਰਨ ਰੋਜ਼ਾਨਾ ਹੀ ਹਾਦਸੇ ਵਾਪਰ ਰਹੇ ਹਨ | ਤਾਜ਼ਾ ਹਾਦਸੇ ਦੌਰਾਨ ਚੰਡੀਗੜ੍ਹ ਮੇਨ ਰੋਡ 'ਤੇ ਓਮੈਕਸ ਲਾਈਟਾਂ 'ਤੇ ਤੇਜ਼ ਰਫ਼ਤਾਰ ਟਿੱਪਰ ਚਾਲਕ ਦੀ ਗ਼ਲਤੀ ਸਦਕਾ ਕਾਰ ਸਵਾਰ ਇਕ ਮਹਿਲਾ ਦੀ ਮੌਤ ਹੋ ਗਈ, ਜਦਕਿ ਤਿੰਨ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਤੋਂ ਆ ਰਹੀ ਇਕ ਆਲਟੋ ਕਾਰ ਵਿਚ ਮਹਿਲਾ ਸਮੇਤ ਤਿੰਨ ਵਿਅਕਤੀ ਸਵਾਰ ਸਨ, ਜੋ ਕਿ ਪੀ. ਜੀ. ਆਈ. ਚੰਡੀਗੜ੍ਹ ਤੋਂ ਦਵਾਈ ਲੈ ਕੇ ਵਾਪਸ ਆਪਣੇ ਘਰ ਜਾ ਰਹੇ ਸਨ | ਇਸੇ ਦੌਰਾਨ ਅਚਾਨਕ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਟਿੱਪਰ ਵਲੋਂ ਫੇਟ ਮਾਰ ਦਿੱਤੀ ਗਈ ਤੇ ਆਲਟੋ ਕਾਰ ਦਾ ਪਿਛਲਾ ਸਾਰਾ ਹਿੱਸਾ ਨੁਕਸਾਨਿਆ ਗਿਆ, ਜਿਸ ਦੌਰਾਨ ਕਾਰ ਵਿਚ ਸਵਾਰ ਇਕ ਮਹਿਲਾ ਦੀ ਮੌਤ ਹੋ ਗਈ ਤੇ ਦੂਜੇ ਦੋਵੇਂ ਵਿਅਕਤੀ ਇਲਾਜ ਅਧੀਨ ਹਸਪਤਾਲ ਵਿਖੇ ਜ਼ੇਰੇ ਇਲਾਜ਼ ਹਨ | ਇਸ ਹਾਦਸੇ ਦੌਰਾਨ ਇਕ ਮੋਟਰਸਾਈਕਲ ਚਾਲਕ ਵੀ ਹਾਦਸੇ ਦੀ ਲਪੇਟ 'ਚ ਆ ਗਿਆ, ਜਿਸ ਨੂੰ ਗੰਭੀਰ ਜ਼ਖ਼ਮੀ ਹਾਲਤ 'ਚ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ | ਪੁਲਿਸ ਵਲੋਂ ਟਿੱਪਰ ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |