ਐੱਸ. ਏ. ਐੱਸ. ਨਗਰ, 29 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਮੁਹਾਲੀ ਦੇ ਵਿਕਾਸ ਭਵਨ ਵਿਖੇ ਜੇ. ਈ. ਈ. ਮੇਨਜ਼ ਪ੍ਰੀਖਿਆ ਪਾਸ ਕਰਨ ਵਾਲੇ 369 ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ, ਜਿਸ ਦੌਰਾਨ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਉਚੇਚੇ ਤੌਰ 'ਤੇ ਸ਼ਿਰਕਤ ਕਰਦਿਆਂ ਇਸ ਸਫ਼ਲਤਾ ਨੂੰ ਪੰਜਾਬ ਦੀ ਸਿੱਖਿਆ ਪ੍ਰਣਾਲੀ 'ਚ ਕ੍ਰਾਂਤੀਕਾਰੀ ਸੁਧਾਰਾਂ ਦੀ ਪ੍ਰਮਾਣਿਕਤਾ ਦੱਸਦਿਆਂ ਕਿਹਾ ਕਿ ਕਿਸੇ ਸਮੇਂ ਸੰਘਰਸ਼ ਨਾਲ ਜੂਝ ਰਹੇ ਸਿਸਟਮ ਤੋਂ ਲਾਚਾਰ ਵਿਦਿਆਰਥੀ ਹੁਣ ਪੰਜਾਬ ਸਰਕਾਰ ਦੀ 'ਸਿੱਖਿਆ ਕ੍ਰਾਂਤੀ' ਨਾਲ ਕੌਮੀ ਪੱਧਰ 'ਤੇ ਮੱਲਾਂ ਮਾਰ ਰਹੇ ਹਨ | ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਸੂਬੇ 'ਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ 'ਰੰਗਲੇ ਪੰਜਾਬ' ਦੇ ਦਿ੍ਸ਼ਟੀਕੋਣ ਨੂੰ ਸਾਕਾਰ ਕਰਨ ਲਈ ਲਗਾਤਾਰ ਯਤਨਸ਼ੀਲ ਹੈ | ਸਮਰਪਿਤ ਅਧਿਆਪਕ, ਕ੍ਰਾਂਤੀਕਾਰੀ ਸੁਧਾਰ ਤੇ ਹੋਣਹਾਰ ਵਿਦਿਆਰਥੀ ਪੰਜਾਬ ਦੀ ਸਿੱਖਿਆ ਨੂੰ ਨਵਾਂ ਰੂਪ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ 'ਸਿੱਖਿਆ ਕ੍ਰਾਂਤੀ' ਹੁਣ ਠੋਸ ਤੇ ਨਿਰਣਾਇਕ ਨਤੀਜੇ ਦੇ ਰਹੀ ਹੈ | ਇਨ੍ਹਾਂ ਵਿਦਿਆਰਥੀਆਂ ਦੀ ਸਫ਼ਲਤਾ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਜਦੋਂ ਸਹੀ ਮਾਹੌਲ ਦਿੱਤਾ ਜਾਵੇ ਤਾਂ ਉਹ ਦੇਸ਼ 'ਚ ਮੁਕਾਬਲੇ ਦੀ ਮੂਹਰਲੀ ਕਤਾਰ 'ਚ ਖੜ੍ਹ ਸਕਦੇ ਹਨ | ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਦੇ ਸਮਰਪਣ ਤੇ ਲਗਨ ਨੇ ਉਮੀਦਾਂ ਤੇ ਇੱਛਾਵਾਂ ਨੂੰ ਮੁੜ ਪਰਿਭਾਸ਼ਤ ਕੀਤਾ ਹੈ | ਉਨ੍ਹਾਂ ਕਿਹਾ ਕਿ ਜੇ. ਈ. ਈ. ਵਰਗੀਆਂ ਪ੍ਰਤੀਯੋਗੀ ਪ੍ਰੀਖਿਆਵਾਂ 'ਚ ਵਿਦਿਆਰਥੀਆਂ ਦੀ ਸਫ਼ਲਤਾ ਪੰਜਾਬ ਦੇ ਵਿੱਦਿਅਕ ਖੇਤਰ 'ਚ ਮਹੱਤਵਪੂਰਨ ਮੀਲ ਪੱਥਰ ਹੈ | ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਜਦੋਂ ਮੈਂ ਅਹੁਦਾ ਸੰਭਾਲਿਆ ਸੀ ਤਾਂ ਸਿੱਖਿਆ ਪ੍ਰਣਾਲੀ ਦੀ ਹਾਲਤ ਬਿਲਕੁੱਲ ਖਸਤਾ ਸੀ ਅਤੇ ਵਿਦਿਆਰਥੀ ਆਪਣੀਆਂ ਉਮੀਦਾਂ ਗੁਆ ਚੁੱਕੇ ਸਨ, ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਨਿਰੰਤਰ ਯਤਨਾਂ ਅਤੇ ਸੁਧਾਰਾਂ ਰਾਹੀਂ ਅਸੀਂ ਅਹਿਮ ਤਬਦੀਲੀ ਲਿਆਂਦੀ ਹੈ | ਇਸੇ ਦੌਰਾਨ ਸਫ਼ਲਤਾ ਪ੍ਰਾਪਤ ਕਰਨ ਲਈ ਅਹਿਮ ਚੁਣੌਤੀਆਂ ਨੂੰ ਸਰ ਕਰਨ ਵਾਲੇ ਵਿਦਿਆਰਥੀਆਂ ਰਣਦੀਪ ਸਿੰਘ ਅੰਮਿ੍ਤਸਰ, ਪਿ੍ਆ ਭਾਰਦਵਾਜ ਹੁਸ਼ਿਆਰਪੁਰ, ਨਵਜੋਤ ਕੌਰ ਪਟਿਆਲਾ, ਪਿ੍ਆ ਕੁਮਾਰੀ ਐੱਸ. ਬੀ. ਐੱਸ. ਨਗਰ ਅਤੇ ਪ੍ਰਭਜੋਤ ਸਿੰਘ ਮੁੱਲਾਂਪੁਰ ਗਰੀਬਦਾਸ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ | ਇਸ ਮੌਕੇ ਸਿੱਖਿਆ ਵਿਭਾਗ ਦੇ ਸਕੱਤਰ ਸੋਨਾਲੀ ਗਿਰੀ, ਮੈਂਬਰ ਪੰਜਾਬ ਡਿਵੈਲਮੈਂਟ ਕਮਿਸ਼ਨ ਅਨੁਰਾਗ ਕੁੰਡੂ, ਸਟੇਟ ਲੀਡ ਮੰਤਰਾ 4 ਚੇਂਜ ਅਜ਼ਹਰ ਖ਼ਾਨ ਅਤੇ ਪ੍ਰੋਗਰਾਮ ਹੈੱਡ ਅਵਾਂਤੀ ਫੈਲੋਜ਼ ਸ਼ਾਹਿਤ ਚੌਹਾਨ ਆਦਿ ਵੀ ਹਾਜ਼ਰ ਸਨ |