ਪੰਚਕੂਲਾ, 29 ਅਪ੍ਰੈਲ (ਕਪਿਲ)-ਜ਼ਿਲ੍ਹਾ ਪੰਚਕੂਲਾ ਦੇ ਬਰਵਾਲਾ ਬਲਾਕ ਦੇ ਪਿੰਡ ਖੇਤਪੁਰਾਲੀ ਨੇੜੇ ਇਕ ਪੁਲ ਥੱਲਿਓਾ ਇਕ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਤਕ ਸਿੱਖ ਭਾਈਚਾਰੇ ਨਾਲ ਸੰਬੰਧਿਤ ਪ੍ਰਤੀਤ ਹੁੰਦਾ ਹੈ ਕਿਉਂਕਿ ਉਸ ਨੇ ਹੱਥ 'ਚ ਕੜਾ ਪਹਿਨਿਆ ਹੋਇਆ ਹੈ | ਮੌਕੇ ਤੋਂ ਕੋਈ ਮੋਬਾਈਲ ਫ਼ੋਨ ਜਾਂ ਕੋਈ ਹੋਰ ਦਸਤਾਵੇਜ਼ ਵੀ ਬਰਾਮਦ ਨਹੀਂ ਹੋਇਆ, ਜਿਸ ਕਾਰਨ ਮਾਮਲਾ ਸ਼ੱਕੀ ਜਾਪ ਰਿਹਾ ਹੈ | ਇਸ ਤੋਂ ਇਲਾਵਾ ਵਿਅਕਤੀ ਲਾਸ਼ ਪੁਲ ਦੇ ਡੂੰਘੇ ਹਿੱਸੇ ਦੇ ਬਿਲਕੁੱਲ ਵਿਚਕਾਰ ਸੁੱਟੀ ਗਈ, ਜਿਸ ਤੋਂ ਕਤਲ ਕੀਤੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ | ਸੂਚਨਾ ਮਿਲਦੇ ਸਾਰ ਹੀ ਪੁਲਿਸ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ | ਇਸ ਤੋਂ ਇਲਾਵਾ ਪੁਲਿਸ ਵਲੋਂ ਘਟਨਾ ਸਥਾਨ ਦੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਵੀ ਖੰਗਾਲੀ ਜਾ ਰਹੀ ਹੈ ਅਤੇ ਲਾਸ਼ ਦੀ ਪਛਾਣ ਲਈ ਯਤਨ ਵੀ ਕੀਤੇ ਜਾ ਰਹੇ ਹਨ |