ਮੁੱਲਾਂਪੁਰ ਗਰੀਬਦਾਸ, 29 ਅਪ੍ਰੈਲ (ਦਿਲਬਰ ਸਿੰਘ ਖੈਰਪੁਰ)-ਗ੍ਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਦੇ ਮੁੱਖ ਪ੍ਰਸ਼ਾਸਕ ਸਾਕਸ਼ੀ ਸਾਹਨੀ ਨਾਲ ਈਕੋ ਸਿਟੀ-3 ਅਧੀਨ ਐਕਵਾਇਰ ਹੋਈਆਂ ਜ਼ਮੀਨਾਂ ਦੇ ਪ੍ਰਭਾਵਿਤ ਕਿਸਾਨਾਂ ਦੇ ਵਫ਼ਦ ਵਲੋਂ ਮੁਲਾਕਾਤ ਕਰਕੇ ਲੈਂਡ ਪੂਲਿੰਗ ਤਹਿਤ ਸਪੈਸ਼ਲ ਐਲ. ਓ. ਆਈ. ਜਾਰੀ ਕਰਨ ਦਾ ਮੁੱਦਾ ਚੁਕਿਆ ਗਿਆ | ਇਸ ਮੌਕੇ ਪ੍ਰਭਾਵਿਤ ਕਿਸਾਨਾਂ ਨੇ ਮੁੱਖ ਪ੍ਰਸ਼ਾਸਕ ਨੂੰ ਦੱਸਿਆ ਕਿ ਈਕੋ ਸਿਟੀ-3 ਅਧੀਨ ਪਿੰਡ ਤੱਕੀਪੁਰ, ਹੁਸ਼ਿਆਰਪੁਰ, ਕੰਸਾਲਾ, ਕਰਤਾਰਪੁਰ, ਢੋਡੇ ਮਾਜਰਾ, ਰਸੂਲਪੁਰ, ਰਾਜਗੜ੍ਹ ਤੇ ਮਾਜਰਾ ਦੀ ਜ਼ਮੀਨ 'ਤੇ ਗਮਾਡਾ ਵਲੋਂ ਰਿਹਾਇਸ਼ੀ ਤੇ ਵਪਾਰਕ ਪ੍ਰਾਜੈਕਟ ਵਿਕਸਿਤ ਕੀਤਾ ਜਾ ਰਿਹਾ ਹੈ | ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਨ ਉਪਰੰਤ ਉਪਰੋਕਤ ਪਿੰਡਾਂ ਦੇ ਐਕਵਾਇਰ ਕੀਤੇ ਗਏ ਸੈਂਕੜੇ ਏਕੜ ਰਕਬੇ ਦਾ ਐਵਾਰਡ ਸੁਣਾਇਆ ਗਿਆ ਸੀ, ਪਰ ਹੁਣ ਅਧਿਕਾਰੀ ਸਪੈਸ਼ਲ ਐਲ. ਓ. ਆਈ. ਦੇਣ ਤੋਂ ਮੁਨਕਰ ਹੋ ਗਏ ਹਨ | ਇਸੇ ਦੌਰਾਨ ਨੌਜਵਾਨ ਕਿਸਾਨ ਆਗੂ ਅੱਛਰ ਸਿੰਘ ਕੰਸਾਲਾ ਦੀ ਅਗਵਾਈ ਹੇਠ ਵਫ਼ਦ ਵਲੋਂ ਪ੍ਰਭਾਵਿਤ ਜ਼ਮੀਨ ਮਾਲਕਾਂ ਨੂੰ ਗਮਾਡਾ ਦੀ ਪੁਰਾਣੀ ਨੀਤੀ ਅਨੁਸਾਰ ਸਪੈਸ਼ਲ ਐਲ. ਓ. ਆਈ. ਦੇਣ ਬਾਰੇ ਮੰਗ-ਪੱਤਰ ਸੌਂਪਦਿਆਂ ਆਖਿਆ ਗਿਆ ਕਿ ਈਕੋ ਸਿਟੀ-3 ਦੇ ਪ੍ਰਭਾਵਿਤ ਕਿਸਾਨਾਂ ਨੂੰ ਕਨਾਲ ਤੋਂ ਘੱਟ ਰਕਬੇ ਦੀ ਪਹਿਲਾਂ ਦੀ ਤਰ੍ਹਾਂ ਸਪੈਸ਼ਲ ਐਲ. ਓ. ਆਈ. ਜਾਰੀ ਕੀਤੀ ਜਾਵੇ | ਜ਼ਿਕਰਯੋਗ ਹੈ ਕਿ ਗਮਾਡਾ ਨੇ ਨਿਊ ਚੰਡੀਗੜ੍ਹ ਅਧੀਨ ਪ੍ਰਾਜੈਕਟ ਈਕੋ ਸਿਟੀ-3 ਲਈ ਪਹਿਲਾਂ ਨੋਟਿਸ 2022 'ਚ ਜਾਰੀ ਕੀਤਾ ਸੀ, ਜਿਸ ਦਾ ਐਵਾਰਡ ਦਸੰਬਰ 2025 'ਚ ਸੁਣਾਇਆ ਗਿਆ ਸੀ | ਗਮਾਡਾ ਦੇ ਅਫ਼ਸਰਾਂ ਵਲੋਂ 2022 ਤੋਂ ਐਵਾਰਡ ਸੁਣਾਏ ਜਾਣ ਤੱਕ ਹੋਈਆਂ ਸਾਰੀਆਂ ਮੀਟਿੰਗਾਂ 'ਚ ਕਿਸਾਨਾਂ ਨੂੰ ਸਾਰੀ ਜ਼ਮੀਨ ਦੀ ਲੈਂਡ ਪੂਲਿੰਗ ਬਾਰੇ ਉਤਸ਼ਾਹਿਤ ਕੀਤਾ ਗਿਆ ਸੀ ਕਿਉਂਕਿ ਸਾਰੇ ਪ੍ਰਾਜੈਕਟਾਂ ਲਈ ਗਮਾਡਾ ਵਲੋਂ ਸਪੈਸ਼ਲ ਐਲ. ਓ. ਆਈ. ਦਿੱਤੀ ਗਈ ਸੀ | ਹੁਣ ਐਵਾਰਡ ਤੋਂ ਬਾਅਦ ਗਮਾਡਾ ਨੇ ਸਪੈਸ਼ਲ ਐਲ. ਓ. ਆਈ. ਨਾ ਦੇਣ ਦਾ ਫ਼ੈਸਲਾ ਕੀਤਾ ਹੈ | ਕਿਸਾਨਾਂ ਦੇ ਵਫ਼ਦ ਅਨੁਸਾਰ ਇਸ ਨਾਲ ਘਾੜ ਖੇਤਰ ਦੇ ਗ਼ਰੀਬ ਜ਼ਮੀਨ ਮਾਲਕਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਜਿਹੜੇ ਜ਼ਮੀਨ ਮਾਲਕਾਂ ਕੋਲ ਇਕ ਕਨਾਲ ਤੋਂ ਘੱਟ ਜਾਂ ਕਨਾਲ ਤੋਂ ਵੱਧ ਰਕਬਾ ਹੈ, ਉਨ੍ਹਾਂ ਨੂੰ ਐਵਾਰਡ ਦੇ ਪੈਸੇ ਚੁੱਕਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ, ਜੋ ਕਿ ਮਾਰਕੀਟ ਰੇਟ ਤੋਂ ਬਹੁਤ ਘੱਟ ਹਨ | ਉਨ੍ਹਾਂ ਕਿਹਾ ਕਿ ਕਿਸਾਨ ਦੁਵਿੱਧਾ 'ਚ ਹਨ ਕਿ ਕਿਸ ਕਾਰਨ ਪੰਜਾਬ ਸਰਕਾਰ ਦੀ ਗਮਾਡਾ ਅਥਾਰਟੀ ਕਿਸਾਨਾਂ ਦੇ ਹੱਕਾਂ-ਹਿੱਤਾਂ ਦੇ ਉਲਟ ਜਾ ਰਹੀ ਹੈ | ਗਮਾਡਾ ਦੀਆਂ ਮਨਮਾਨੀਆਂ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਭਵਿੱਖ ਵਿਚ ਈਕੋ ਸਿਟੀ-4 ਲਈ ਕਿਸੇ ਕਿਸਾਨ ਵਲੋਂ ਜ਼ਮੀਨ ਨਹੀਂ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਗਮਾਡਾ ਦੀ ਹੁਣ ਤੱਕ ਦੀ ਨੀਤੀ ਅਨੁਸਾਰ ਸਪੈਸ਼ਲ ਐਲ. ਓ. ਆਈ. ਦਿੱਤੀ ਜਾਂਦੀ ਰਹੀ ਹੈ | ਮੁੱਖ ਮੰਤਰੀ ਭਗਵੰਤ ਮਾਨ ਦੀ ਕਿਸਾਨ ਹਿਤੈਸ਼ੀ ਸਰਕਾਰ ਦੇ ਹੁੰਦਿਆਂ ਗਮਾਡਾ ਵਲੋਂ ਨਿਊ ਚੰਡੀਗੜ੍ਹ 'ਚ ਅਜਿਹੀਆਂ ਮਨਮਾਨੀਆਂ ਵਾਲੀਆਂ ਨੀਤੀਆਂ ਲਾਗੂ ਕੀਤੇ ਜਾਣਾ ਕਿਸਾਨ ਵਰਗ ਦੀ ਸਮਝ ਤੋਂ ਪਰ੍ਹੇ ਹੈ | ਇਸੇ ਦੌਰਾਨ ਗਮਾਡਾ ਦੀ ਮੁੱਖ ਪ੍ਰਸ਼ਾਸਕ ਸਾਕਸ਼ੀ ਸਾਹਨੀ ਨੇ ਕਿਸਾਨਾਂ ਦੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਜ਼ਮੀਨ ਮਾਲਕਾਂ ਦੇ ਹੱਕਾਂ-ਹਕੂਕਾਂ ਤਹਿਤ ਜਲਦ ਹੀ ਸਪੈਸ਼ਲ ਐਲ. ਓ. ਆੲ.ੀ ਸਕੀਮ ਲਾਗੂ ਕੀਤੀ ਜਾਵੇਗੀ | ਇਥੇ ਦੱਸਣਾ ਬਣਦਾ ਹੈ ਕਿ ਗਮਾਡਾ ਦੀ ਮੁੱਖ ਪ੍ਰਸ਼ਾਸਕ ਸਾਕਸ਼ੀ ਸਾਹਨੀ ਪਿਛਲੇ ਸਾਲ ਹੜ੍ਹਾਂ ਦੌਰਾਨ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ ਸਨ ਅਤੇ ਉਦੋਂ ਵੀ ਕਿਸਾਨਾਂ ਦੀ ਭਲਾਈ ਲਈ ਉਨ੍ਹਾਂ ਵਲੋਂ ਅਹਿਮ ਭੂਮਿਕਾ ਨਿਭਾਈ ਗਈ ਸੀ |