ਖਰੜ, 30 ਅਪ੍ਰੈਲ (ਜੰਡਪੁਰੀ)-ਪੰਜਾਬ 'ਚ ਲੱਗ ਰਹੇ ਬਿਜਲੀ ਕੱਟਾਂ ਦੇ ਵਿਰੋਧ 'ਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਖਰੜ ਤੋਂ ਇੰਚਾਰਜ ਰਵਿੰਦਰ ਸਿੰਘ ਖੇੜਾ ਦੀ ਅਗਵਾਈ 'ਚ ਅਕਾਲੀ ਆਗੂਆਂ ਤੇ ਵਰਕਰਾਂ ਵਲੋਂ ਸਥਾਨਕ ਐੱਸ. ਡੀ. ਐੱਮ. ਦਫ਼ਤਰ ਵਿਖੇ ਧਰਨਾ ਲਗਾ ਕੇ ਪੰਜਾਬ ਸਰਕਾਰ ਖ਼ਿਲਾਫ਼ ਜਮ ਕੇ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਰਵਿੰਦਰ ਸਿੰਘ ਖੇੜਾ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਅੱਜ ਬਿਜਲੀ ਸਪਲਾਈ ਦੀ ਇੰਨੀ ਮਾੜੀ ਹਾਲਤ ਹੈ ਕਿ 24 ਘੰਟਿਆਂ 'ਚੋਂ 10-12 ਘੰਟਿਆਂ ਦੇ ਕੱਟ ਲੱਗ ਰਹੇ ਹਨ | ਉਨ੍ਹਾਂ ਕਿਹਾ ਕਿ ਜਲਦ ਹੀ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਅਤੇ ਅਜਿਹੇ 'ਚ ਲੋਕਾਂ ਦਾ ਕੀ ਬਣੇਗਾ, ਇਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਬਿਜਲੀ ਦੇ ਕੱਟਾਂ ਕਾਰਨ ਅੱਜ ਵਪਾਰੀ, ਕਾਰੋਬਾਰੀ ਅਤੇ ਆਮ ਜਨਤਾ ਬਹੁਤ ਜ਼ਿਆਦਾ ਪ੍ਰੇਸ਼ਾਨ ਹੈ | ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਜਿਥੇ ਬਿਜਲੀ ਪੱਖੋਂ ਪੰਜਾਬ ਨੂੰ ਸਰਪਲੱਸ ਸੂਬਾ ਬਣਾਇਆ ਸੀ, ਉਥੇ ਹੀ ਬਾਅਦ 'ਚ ਹੋਂਦ 'ਚ ਆਈਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਸੂਬੇ 'ਚ ਇਕ ਵੀ ਥਰਮਲ ਯੂਨਿਟ ਨਹੀਂ ਲਿਆ ਸਕੀਆਂ | ਇਸੇ ਦੌਰਾਨ ਰਵਿੰਦਰ ਸਿੰਘ ਖੇੜਾ ਨੇ ਖਰੜ ਦੀ ਵਿਧਾਇਕਾ ਅਨਮੋਲ ਗਗਨ ਮਾਨ ਦੀ ਆਲੋਚਨਾ ਕਰਦਿਆਂ ਦੋਸ਼ ਲਗਾਇਆ ਕਿ ਉਨ੍ਹਾਂ ਨੇ ਆਪਣੇ ਹਲਕੇ ਦੀ ਅਣਦੇਖੀ ਕੀਤੀ ਹੈ | ਇਸੇ ਦੌਰਾਨ ਖੇੜਾ ਨੇ ਪੰਜਾਬ ਸਰਕਾਰ ਨਾਲ ਸੰਬੰਧਿਤ ਕਈ ਅਹਿਮ ਮੁੱਦਿਆਂ ਜਿਵੇਂ ਕਿ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ 'ਚ ਆ ਰਹੀਆਂ ਦਿੱਕਤਾਂ, ਸਰਕਾਰੀ ਕਰਮਚਾਰੀਆਂ ਦੇ ਬਕਾਇਆ ਡੀ. ਏ. ਦੀ ਅਦਾਇਗੀ 'ਚ ਦੇਰੀ ਅਤੇ ਵਪਾਰੀਆਂ ਨੂੰ ਫਿਰੌਤੀਆਂ ਲਈ ਮਿਲ ਰਹੀਆਂ ਧਮਕੀਆਂ ਆਦਿ 'ਤੇ ਵੀ ਚਾਨਣਾ ਪਾਇਆ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਬਿਜਲੀ ਦੀ ਸਪਲਾਈ 'ਚ ਸੁਧਾਰ ਨਾ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਦੇ ਸਹਿਯੋਗ ਨਾਲ 'ਆਪ' ਸਰਕਾਰ ਖ਼ਿਲਾਫ਼ ਵਿਆਪਕ ਸੰਘਰਸ਼ ਵਿੱਢੇਗੀ | ਇਸ ਮੌਕੇ ਸ਼ਾਮ ਲਾਲ ਗੁੜਾ ਸੀਨੀਅਰ ਅਕਾਲੀ ਆਗੂ, ਦਿਲਬਾਗ ਸਿੰਘ ਮੀਆਂਪੁਰ ਜ਼ਿਲ੍ਹਾ ਪ੍ਰਧਾਨ ਐਸ. ਸੀ. ਵਿੰਗ, ਹਰਜਿੰਦਰ ਸਿੰਘ ਬਲੌਂਗੀ ਯੂਥ ਅਕਾਲੀ ਆਗੂ, ਅਮਨ ਸ਼ਰਮਾ ਯੂਥ ਅਕਾਲੀ ਆਗੂ, ਗੁਰਧਿਆਨ ਸਿੰਘ ਨਵਾਂਗਰਾਓਾ, ਅਮਰਜੀਤ ਸਿੰਘ ਮਿੰਟਾ, ਬਿੰਨੀ ਸ਼ੇਰਗਿੱਲ, ਗੁਰਪ੍ਰੀਤ ਸਿੰਘ, ਬਲਕਾਰ ਸਿੰਘ ਬੱਬੂ, ਬਿਮਲਾ ਦੇਵੀ ਚੇਅਰਮੈਨ, ਬਲਵਿੰਦਰ ਸਿੰਘ ਰਕੌਲੀ, ਜਸਵਿੰਦਰ ਸਿੰਘ ਲੌਂਗੀਆ, ਹਰਦੀਪ ਸਿੰਘ ਖਿਜ਼ਰਾਬਾਦ, ਸੰਦੀਪ ਰਾਣਾ ਝੰਜੇੜੀ, ਜਰਨੈਲ ਸਿੰਘ, ਜਸਪ੍ਰੀਤ ਸਿੰਘ ਸੰਧੂ, ਅਮਨਦੀਪ ਸਿੰਘ ਅੰਮੂ ਤੇ ਮਾਨ ਸਿੰਘ ਸੈਣੀ ਤੋਂ ਇਲਾਵਾ ਹੋਰ ਹਾਜ਼ਰ ਸਨ |