ਐੱਸ. ਏ. ਐੱਸ. ਨਗਰ, 30 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਆਉਣ ਵਾਲੀਆਂ ਨਗਰ ਨਿਗਮ ਚੋਣਾਂ 'ਚ ਆਪਣੀ ਹਾਰ ਨੂੰ ਦੇਖਦੇ ਹੋਏ ਸਰਕਾਰ ਹੁਣ ਲੋਕਤੰਤਰ ਦਾ ਘਾਣ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕੀਤੀ ਗਈ ਵਾਰਡਬੰਦੀ ਪੂਰੀ ਤਰ੍ਹਾਂ ਗ਼ਲਤ, ਗ਼ੈਰ-ਪਾਰਦਰਸ਼ੀ, ਪੱਖਪਾਤੀ ਅਤੇ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਹੈ | ਉਨ੍ਹਾਂ ਕਿਹਾ ਕਿ ਜਿਥੇ ਵਾ. ਨੰ. 42 'ਚ ਜਨਰਲ ਦੀਆਂ 678 ਵੋਟਾਂ ਰੱਖੀਆਂ ਗਈਆਂ ਹਨ, ਉਥੇ ਹੀ ਵਾਰਡ ਨੰ. 46 'ਚ ਐੱਸ. ਸੀ. ਵਰਗ ਦੀਆਂ 7002 ਤੱਕ ਵੋਟਾਂ ਹਨ | ਉਨ੍ਹਾਂ ਕਿਹਾ ਕਿ ਇਹ ਸਿੱਧੇ ਤੌਰ 'ਤੇ ਵੋਟਰਾਂ ਦੇ ਅਧਿਕਾਰਾਂ 'ਤੇ ਡਾਕਾ ਹੈ | ਸਾਬਕਾ ਮੰਤਰੀ ਸਿੱਧੂ ਨੇ ਕਿਹਾ ਕਿ ਜੇਕਰ ਨਿਯਮਾਂ ਅਤੇ ਕਾਨੂੰਨ ਦੇ ਤਹਿਤ ਇਮਾਨਦਾਰੀ ਨਾਲ ਵਾਰਡਬੰਦੀ ਕੀਤੀ ਜਾਂਦੀ ਤਾਂ ਸ਼ਹਿਰ 'ਚ 80 ਤੋਂ 90 ਵਾਰਡ ਆਸਾਨੀ ਨਾਲ ਬਣ ਸਕਦੇ ਸਨ, ਪਰ ਸਰਕਾਰ ਨੇ ਆਪਣੇ ਸਿਆਸੀ ਲਾਭ ਅਤੇ ਆਪਣੇ ਆਗੂਆਂ ਨੂੰ ਫਾਇਦਾ ਪਹੁੰਚਾਉਣ ਲਈ ਜ਼ਬਰਦਸਤੀ ਸਿਰਫ਼ 50 ਵਾਰਡਾਂ 'ਚ ਪੂਰੇ ਖੇਤਰ ਨੂੰ ਸਮੇਟ ਦਿੱਤਾ ਹੈ, ਜੋ ਕਿ ਦਰਸਾਉਂਦਾ ਹੈ ਕਿ 'ਆਪ' ਸਰਕਾਰ ਨਿਗਮ ਚੋਣਾਂ ਜਿੱਤਣ ਲਈ ਹਰ ਹੱਥਕੰਡਾ ਵਰਤ ਰਹੀ ਹੈ | ਉਨ੍ਹਾਂ ਕਿਹਾ ਕਿ ਵੋਟਰ ਸੂਚੀਆਂ 'ਚ ਲਗਾਤਾਰ ਤਬਦੀਲੀਆਂ ਕਰਨਾ ਇਸ ਗੱਲ ਦਾ ਸਬੂਤ ਹੈ ਕਿ ਪੂਰੀ ਪ੍ਰਕਿਰਿਆ ਧੋਖਾਧੜੀ ਨਾਲ ਭਰਪੂਰ ਹੈ | ਅੰਤ 'ਚ ਉਨ੍ਹਾਂ ਮੰਗ ਕੀਤੀ ਕਿ ਮੌਜੂਦਾ ਵਾਰਡਬੰਦੀ ਨੂੰ ਤੁਰੰਤ ਰੱਦ ਕਰਕੇ ਨਵੀਂ, ਨਿਰਪੱਖ ਅਤੇ ਸੰਤੁਲਿਤ ਪ੍ਰਕਿਰਿਆ ਲਾਗੂ ਕੀਤੀ ਜਾਵੇ |