ਡੇਰਾਬੱਸੀ, 30 ਅਪ੍ਰੈਲ (ਗੁਰਮੀਤ ਸਿੰਘ)-ਮੁਬਾਰਕਪੁਰ ਨੇੜੇ ਪੁਰਾਣੀ ਕਾਲਕਾ-ਸ਼ਿਮਲਾ ਸੜਕ ਵਿਚਕਾਰ ਕਰੀਬ ਦੋ ਸਾਲ ਪਹਿਲਾਂ ਬਣਾਏ ਗਏ ਕੰਕਰੀਟ ਦੇ ਡਿਵਾਈਡਰਾਂ ਨੇ ਗੰਭੀਰ ਸੁਰੱਖਿਆ ਸੰਕਟ ਖੜ੍ਹਾ ਕਰ ਦਿੱਤਾ ਹੈ | ਪੀ. ਡਬਲਿਊ. ਡੀ. ਦਫ਼ਤਰ ਨੇੜੇ ਬਿਨਾਂ ਰਿਫਲੈਕਟਰਾਂ ਵਾਲੇ ਇਹ ਡਿਵਾਈਡਰ ਦਿਨ-ਰਾਤ ਵਾਹਨ ਚਾਲਕਾਂ ਲਈ ਘਾਤਕ ਸਾਬਿਤ ਹੋ ਰਹੇ ਹਨ | ਇਸ ਸੜਕ 'ਤੇ ਹਾਦਸਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਪਰ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ | ਡਿਵਾਈਡਰਾਂ ਦੇ ਦੋਵੇਂ ਪਾਸੇ ਰਿਫਲੈਕਟਰ ਲਗਾਉਣ ਦਾ ਕੰਮ ਅਜੇ ਤੱਕ ਮੁਕੰਮਲ ਨਹੀਂ ਹੋਇਆ, ਜਿਸ ਕਾਰਨ ਰਾਤ ਵੇਲੇ ਇਹ ਡਿਵਾਈਡਰ ਦਿਖਾਈ ਨਹੀਂ ਦਿੰਦੇ | ਸੜਕ 'ਤੇ ਮੋੜ ਨੇੜੇ ਬਣੇ ਇਹ ਡਿਵਾਈਡਰ ਚਾਲਕਾਂ ਦੀ ਨਜ਼ਰ ਤੋਂ ਓਝਲ ਰਹਿੰਦੇ ਹਨ, ਜਿਸ ਦੇ ਨਤੀਜੇ ਵਜੋਂ ਗੱਡੀਆਂ ਟਕਰਾਉਂਦੀਆਂ ਰਹਿੰਦੀਆਂ ਹਨ | ਇਕ ਪਾਸੇ ਪਲਾਸਟਿਕ ਦਾ ਡਰੰਮ ਵੀ ਰੱਖਿਆ ਗਿਆ ਸੀ, ਪਰ ਉਹ ਵੀ ਹਨ੍ਹੇਰੇ 'ਚ ਨਜ਼ਰ ਨਹੀਂ ਆਉਂਦਾ | ਬੀਤੀ ਰਾਤ ਫ਼ਿਰ ਇਕ ਮੋਟਰਸਾਈਕਲ ਦੇ ਇਥੇ ਟਕਰਾਉਣ ਕਾਰਨ ਚਾਲਕ ਜ਼ਖ਼ਮੀ ਹੋ ਗਿਆ | ਅਜਿਹੇ ਹਾਦਸਿਆਂ 'ਚ ਵਾਹਨ ਤਬਾਹ ਹੁੰਦੇ ਹਨ ਅਤੇ ਚਾਲਕਾਂ ਦੀ ਜਾਨ ਜ਼ੋਖ਼ਮ 'ਚ ਪੈ ਜਾਂਦੀ ਹੈ | ਮੁਬਾਰਕਪੁਰ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਤੁਰੰਤ ਇਨ੍ਹਾਂ ਡਿਵਾਈਡਰਾਂ 'ਤੇ ਰਿਫਲੈਕਟਰ ਅਤੇ ਬਿਹਤਰ ਸੁਰੱਖਿਆ ਪ੍ਰਬੰਧ ਕੀਤੇ ਜਾਣ |