24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਪੰਜਾਬ 'ਚ ਕੁਦਰਤੀ ਗੈਸ ਅਤੇ ਤੇਲ ਭੰਡਾਰਾਂ ਦੀਆਂ ਵੱਡੀਆਂ ਸੰਭਾਵਨਾਵਾਂ: ਗੋਇਲ

ਅਜੀਤ ਡੈਸਕ 03-05-2026
ਚੰਡੀਗੜ੍ਹ, 2 ਮਈ (ਅਜੀਤ ਬਿਊਰੋ)- ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਦੱਸਿਆ ਕਿ ਪੋਟਾਸ਼ ਦੀ ਖੋਜ ਉਪਰੰਤ ਹੁਣ ਪੰਜਾਬ 'ਚ ਕੁਦਰਤੀ ਗੈਸ ਅਤੇ ਤੇਲ ਭੰਡਾਰਾਂ ਦੀਆਂ ਵੱਡੀਆਂ ਸੰਭਾਵਨਾਵਾਂ ਹਨ ਅਤੇ ਸੂਬਾ ਸਰਕਾਰ ਵਲੋਂ ਇਸ ਪਾਸੇ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ | ਇਹ ਗੱਲ ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਨੇ ਅੱਜ ਭਾਰਤ ਸਰਕਾਰ ਦੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਅਧੀਨ ਡਾਇਰੈਕਟਰ ਜਨਰਲ ਆਫ਼ ਹਾਈਡਰੋਕਾਰਬਨ (ਡੀ.ਜੀ.ਐਚ) ਅਤੇ ਆਇਲ ਇੰਡੀਆ ਲਿਮਟਿਡ (ਓ.ਆਈ.ਐਲ) ਦੇ ਉੱਚ ਅਧਿਕਾਰੀਆਂ ਨਾਲ ਮਗਸੀਪਾ ਵਿਖੇ ਮੁਲਾਕਾਤ ਕਰਨ ਅਤੇ ਪ੍ਰਸਤਾਵਿਤ ਸਰਵੇਖਣ ਨੂੰ ਮੁਕੰਮਲ ਕਰਨ ਸਬੰਧੀ ਸਹਾਇਤਾ ਦੀ ਮੰਗ ਕਰਨ ਉਪਰੰਤ ਆਖੀ | ਮੀਟਿੰਗ ਦੌਰਾਨ ਸੂਬੇ ਵਿੱਚ ਹਾਈਡਰੋਕਾਰਬਨ ਸਰੋਤਾਂ ਦੀ ਖੋਜ ਸਬੰਧੀ ਸੰਭਾਵਨਾਵਾਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ ਅਤੇ ਵਿਸਥਾਰਿਤ ਪੇਸ਼ਕਾਰੀ ਦਿੱਤੀ ਗਈ | ਅਧਿਕਾਰੀਆਂ ਨੇ ਕੈਬਨਿਟ ਮੰਤਰੀ ਨੂੰ ਜਾਣੂ ਕਰਵਾਇਆ ਕਿ ਭਾਰਤ ਸਰਕਾਰ ਦੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ ਆਇਲ ਇੰਡੀਆ ਲਿਮਟਿਡ ਵਲੋਂ ਕੁਦਰਤੀ ਤੇਲ ਅਤੇ ਗੈਸ ਭੰਡਾਰਾਂ ਦੀ ਖੋਜ ਕਰਨ ਲਈ ਇਕ 2ਡੀ ਸਿਸਮਿਕ ਸਰਵੇਖਣ ਕੀਤਾ ਜਾਵੇਗਾ | ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਸਰਕਾਰ ਦੀ ਉੱਚ-ਪੱਧਰੀ ਵਿਗਿਆਨਕ ਸਲਾਹਕਾਰ ਖੋਜ ਕਮੇਟੀ ਵਲੋਂ ਦੇਸ਼ ਭਰ ਦੇ ਉਨ੍ਹਾਂ ਅਣ-ਪਛਾਤੇ ਖੇਤਰਾਂ ਵਿੱਚ ਵਿਆਪਕ ਸਰਵੇਖਣ ਦੀ ਸਿਫਾਰਸ਼ ਕੀਤੀ ਗਈ ਹੈ, ਜਿੱਥੇ ਖਣਿਜਾਂ ਅਤੇ ਪੈਟਰੋਲੀਅਮ ਭੰਡਾਰਾਂ ਸਬੰਧੀ ਹਾਲੇ ਤੱਕ ਕੋਈ ਖੋਜ ਨਹੀਂ ਕੀਤੀ ਗਈ | ਮੀਟਿੰਗ ਵਿਚ ਅਜੈ ਕੁਮਾਰ ਸ਼ਰਮਾ (ਐਚ.ਓ.ਡੀ, ਐਨ.ਡੀ.ਆਰ, ਡੀ.ਜੀ.ਐਚ) ਦੀ ਅਗਵਾਈ ਵਾਲੀ ਇਸ ਟੀਮ ਵਿੱਚ ਸੁਰੇਂਦਰ ਕੁਮਾਰ ਦਾਸ (ਡੀ.ਜੀ.ਐਮ, ਡੀ.ਜੀ.ਐਚ), ਅਨੂਪ ਕੁਮਾਰ (ਕਾਰਜਕਾਰੀ ਡਾਇਰੈਕਟਰ, ਓ.ਆਈ.ਐਲ), ਰਤਨੇਸ਼ ਪਾਂਡੇ (ਸੁਪਰਿੰਟੈਂਡਿੰਗ ਭੂ ਅਤੇ ਭੌਤਿਕ ਵਿਗਿਆਨੀ, ਓ.ਆਈ.ਐਲ), ਦੁਰਗੇਸ਼ ਦੀਪ ਮਿਸ਼ਰਾ (ਪਾਰਟੀ ਚੀਫ਼, ਏਸ਼ੀਅਨ ਐਨਰਜੀ ਸਰਵਿਸਿਜ਼) ਅਤੇ ਚਮਨ ਸਿੰਘ (ਸਲਾਹਕਾਰ, ਸਿਸਮਿਕ ਓਪਰੇਸ਼ਨ, ਏਸ਼ੀਅਨ ਐਨਰਜੀ ਸਰਵਿਸਿਜ਼) ਸ਼ਾਮਿਲ ਹੋਏ | ਅਜੈ ਸ਼ਰਮਾ ਨੇ ਦੱਸਿਆ ਕਿ ਮੰਤਰਾਲੇ ਨੇ ਪੰਜਾਬ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਫ਼ਰੀਦਕੋਟ, ਮੋਗਾ, ਜਲੰਧਰ ਅਤੇ ਕਪੂਰਥਲਾ ਸਣੇ ਰਾਜਸਥਾਨ ਵਿੱਚ ਬਾੜਮੇਰ, ਸੰਚੋਰ, ਜੈਸਲਮੇਰ ਅਤੇ ਬੀਕਾਨੇਰ-ਨਾਗੌਰ ਪੱਤਣਾਂ ਦੇ ਨਾਲ-ਨਾਲ ਗੰਗਾ ਪੱਤਣ ਅਤੇ ਨਾਲ ਲੱਗਦੇ ਪੰਜਾਬ ਦੇ ਖੇਤਰਾਂ ਵਿੱਚ ਸਰਵੇਖਣ ਦੇ ਨਿਰਦੇਸ਼ ਦਿੱਤੇ ਹਨ | ਮੀਟਿੰਗ ਦੌਰਾਨ ਖਣਨ ਅਤੇ ਭੂ-ਵਿਗਿਆਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਜਸਪ੍ਰੀਤ ਤਲਵਾੜ, ਡਾਇਰੈਕਟਰ ਖਣਨ ਅਭਿਜੀਤ ਕਪਲਿਸ਼, ਮੁੱਖ ਇੰਜੀਨੀਅਰ (ਖਣਨ ਅਤੇ ਡਰੇਨੇਜ) ਹਰਦੀਪ ਸਿੰਘ ਮੈਂਦੀਰੱਤਾ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਕੁਲਜੀਤ ਸਿੰਘ ਬੇਦੀ ਵਲੋਂ ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਕੀਮਤਾਂ 'ਚ ਵਾਧੇ ਨੂੰ ਲੈ ਕੇ ਕੇਂਦਰ ਸਰਕਾਰ ਦੀ ਨਿਖੇਧੀ... ਅਗਲੀ ਖ਼ਬਰ ਆਈ. ਸੀ. ਐਸ. ਈ. ਦੀ 10ਵੀਂ ਦੀ ਪ੍ਰੀਖਿਆ 'ਚ ਰਿਧਿਮਾ ਗੋਇਲ ਨੇ 97.8 ਫ਼ੀਸਦੀ ਅੰਕ ਹਾਸਿਲ ਕੀਤੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।