13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਖਸਤਾ ਹਾਲ ਖਰੜ-ਲਾਂਡਰਾਂ ਰੋਡ ਦੀ ਤੁਰੰਤ ਮੁਰੰਮਤ ਕੀਤੀ ਜਾਵੇ : ਸਵਰਨਜੀਤ ਕੌਰ <br/>

ਅਜੀਤ ਡੈਸਕ 10-05-2026
ਖਰੜ, 9 ਮਈ (ਤਰਸੇਮ ਸਿੰਘ ਜੰਡਪੁਰੀ)- ਖਰੜ-ਲਾਂਡਰਾਂ ਰੋਡ ਦੀ ਹਾਲਤ 'ਚ ਸੁਧਾਰ ਕਰਨ ਦੇ ਮਾਮਲੇ 'ਚ ਪ੍ਰਸ਼ਾਸਨ ਅਤੇ ਸਰਕਾਰ ਨੂੰ ਲੋਕਾਂ 'ਤੇ ਤਰਸ ਕਰਨਾ ਚਾਹੀਦਾ ਹੈ | ਇਹ ਵਿਚਾਰ ਸਾਂਝੇ ਕਰਦਿਆਂ ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਸਵਰਨਜੀਤ ਕੌਰ ਨੇ ਕਿਹਾ ਕਿ ਖਰੜ-ਲਾਂਡਰਾਂ ਰੋਡ ਦੀ ਖਸਤਾ ਹਾਲਤ ਕਾਰਨ ਖੇਤਰ ਦੇ ਵਸਨੀਕਾਂ ਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਟੱੁਟੀ ਸੜਕ ਕਾਰਨ ਜਿਥੇ ਲੋਕਾਂ ਦੇ ਕਾਰੋਬਾਰ ਠੱਪ ਹੋ ਕੇ ਰਹਿ ਗਏ ਹਨ ਉਥੇ ਹੀ ਇਸ ਸੜਕ 'ਤੇ ਚੱਲਣ ਵਾਲੀਆਂ ਗੱਡੀਆਂ ਦਾ ਵੀ ਨੁਕਸਾਨ ਹੋ ਰਿਹਾ ਹੈ | ਕਈ ਵਾਰੀ ਤਾਂ ਇਕ ਦੂਜੇ ਨਾਲ ਗੱਡੀ ਲੱਗਣ ਕਰਕੇ ਲੋਕ ਲੜਦੇ-ਝਗੜਦੇ ਵੀ ਦੇਖੇ ਗਏ ਹਨ | ਬੜੇ ਅਫਸੋਸ ਦੀ ਗੱਲ ਹੈ ਕਿ ਵਿਧਾਇਕ, ਐਮ. ਪੀ. ਤੇ ਕੌਂਸਲ ਪ੍ਰਧਾਨ ਦੇ ਸੱਤਾਧਾਰੀ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹੋਣ ਦੇ ਬਾਵਜੂਦ ਵੀ ਕਿਸੇ ਨੇ ਸੜਕ ਦੀ ਸਾਰ ਤੱਕ ਨਹੀਂ ਲਈ | ਉਨ੍ਹਾਂ ਕਿਹਾ ਕਿ ਭਾਵੇਂ ਉਹ ਕਾਂਗਰਸ ਪਾਰਟੀ ਦੇ ਨੁਮਾਇੰਦੇ ਹਨ ਪਰ ਸ਼ਹਿਰ ਦੇ ਵਿਕਾਸ ਲਈ ਉਹ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਦਾ ਸਾਥ ਦੇਣ ਲਈ ਤਿਆਰ ਹਨ | ਉਧਰ ਨਗਰ ਕੌਂਸਲ ਦੇ ਨਵੇਂ ਕਾਰਜ ਸਾਧਕ ਅਫ਼ਸਰ ਅਸ਼ੋਕ ਪਥਰੀਆ ਨੇ ਅਹੁਦਾ ਸੰਭਾਲਦਿਆਂ ਹੀ ਅੱਜ ਖਰੜ-ਲਾਂਡਰਾਂ ਰੋਡ ਦਾ ਕੰਮ ਸ਼ੁਰੂ ਕਰਵਾ ਦਿੱਤਾ | ਕਾਰਜ ਸਾਧਕ ਅਫ਼ਸਰ ਪਥਰੀਆ ਨੇ ਕਿਹਾ ਕਿ ਬੱਸ ਸਟੈਂਡ ਤੋਂ ਲੈ ਕੇ ਚਾਰ ਕਿੱਲੋਮੀਟਰ ਤੱਕ ਦੇ ਸੜਕ ਦੇ ਇਸ ਟੋਟੇ 'ਤੇ 4 ਕਰੋੜ ਖ਼ਰਚੇ ਜਾਣਗੇ ਤੇ ਬਰਸਾਤਾਂ ਤੋਂ ਪਹਿਲਾਂ ਨਿਰਮਾਣ ਕਾਰਜ ਮੁਕੰਮਲ ਕਰਵਾ ਦਿੱਤੇ ਜਾਣਗੇ | ਜੰਡਪੁਰ-ਝੂੰਗੀਆਂ ਰੋਡ ਦਾ ਕੰਮ ਵੀ ਇਸੇ ਹਫ਼ਤੇ ਸ਼ੁਰੂ ਹੋ ਜਾਵੇਗਾ ਤੇ ਉਸ ਲਈ 84 ਲੱਖ ਰੁ. ਦਾ ਟੈਂਡਰ ਪਾਸ ਹੋ ਚੁੱਕਾ ਹੈ | ਇਸ ਮੌਕੇ ਖਰੜ 'ਚ ਰੇਹੜੀਆਂ-ਫੜ੍ਹੀਆਂ ਵਾਲਿਆਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਸੰਬੰਧੀ ਪੁੱਛੇ ਗਏ ਸਵਾਲ ਦੇ ਜਵਾਬ 'ਚ ਅਸ਼ੋਕ ਪਥਰੀਆ ਨੇ ਕਿਹਾ ਕਿ ਉਹ ਰੇਹੜੀਆਂ-ਫੜ੍ਹੀਆਂ ਲਈ ਵੀ ਜਗ੍ਹਾ ਦਾ ਪ੍ਰਬੰਧ ਕਰਨਗੇ | ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੌਂਸਲ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਰੇਹੜੀਆਂ ਵਾਲਿਆਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ ਤਾਂ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਵੀ ਉਹ ਜਲਦ ਹੀ ਮੁਹਿੰਮ ਚਲਾ ਕੇ ਨਾਜਾਇਜ਼ ਕਬਜ਼ੇ ਦੂਰ ਕਰਵਾਉਣਗੇ | ਇਸ ਮੌਕੇ ਉਨ੍ਹਾਂ ਨਾਲ ਮਨੋਜ ਕੁਮਾਰ ਜੇ. ਈ. ਸਮੇਤ ਹੋਰ ਸਟਾਫ਼ ਮੈਂਬਰ ਤੇ ਕਾਂਗਰਸੀ ਆਗੂ ਵਿਸ਼ਾਲ ਬੱਟੂ ਵੀ ਹਾਜ਼ਰ ਸਨ |
ਖਰੜ-ਲਾਂਡਰਾਂ ਰੋਡ ਦੀ ਖਸਤਾ ਹਾਲਤ ਕਾਰਨ ਰਾਹਗੀਰ ਪਿਛਲੇ ਲੰਮੇ ਸਮੇਂ ਤੋਂ ਪ੍ਰੇਸ਼ਾਨ ਚੱਲ ਰਹੇ ਹਨ | ਅੱਜ ਵੀ ਇਕ ਵਿਅਕਤੀ ਟੁੱਟੀ ਸੜਕ 'ਚ ਫਸੀ ਆਪਣੀ ਐਕਟਿਵਾ ਨੂੰ ਕੱਢਣ ਲਈ ਗਰਮੋਂ-ਗਰਮੀ ਹੋਇਆ ਪਿਆ ਸੀ ਤੇ ਮੌਜੂਦਾ ਸਰਕਾਰ ਨੂੰ ਕੋਸ ਰਿਹਾ ਸੀ | ਇਸ ਮੌਕੇ ਜਿਵੇਂ ਹੀ ਨਗਰ ਕੌਂਸਲ ਦੇ ਕਰਮਚਾਰੀਆਂ ਨੇ ਟੁੱਟੀ ਸੜਕ 'ਚ ਫਸੀ ਐਕਟਿਵਾ ਨੂੰ ਬਾਹਰ ਕੱਢਿਆ ਤਾਂ ਕਿਤੇ ਜਾ ਕੇ ਪੀੜਤ ਵਿਅਕਤੀ ਦੇ ਸਾਹ ਨਾਲ ਸਾਹ ਰਲਿਆ |

ਪਿਛਲੀ ਖ਼ਬਰ ਏ. ਪੀ. ਜੇ. ਸਕੂਲ ਵਿਖੇ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਬਿਨਾਂ ਲਾਇਸੰਸ ਤੋਂ ਸ਼ਰਾਬ ਪ੍ਰੋਸਣ ਦੇ ਦੋਸ਼ ਹੇਠ ਹੋਟਲ ਪਿਕਾਸੋ ਦੇ ਮਾਲਕ ਤੇ ਮੈਨੇਜਰ ਵਿਰੁੱਧ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।