ਡੇਰਾਬੱਸੀ, 17 ਮਈ (ਰਣਬੀਰ ਸਿੰਘ ਪੜ੍ਹੀ)- ਬਹੁਜਨ ਸਮਾਜ ਪਾਰਟੀ (ਬਸਪਾ) ਪੰਜਾਬ ਦੇ ਸੂਬਾ ਜਨਰਲ ਸਕੱਤਰ ਜਗਜੀਤ ਸਿੰਘ ਛੜਬੜ ਨੇ ਸਰਕਾਰ ਤੇ ਪ੍ਰਸ਼ਾਸਨ ਵਿਰੁੱਧ ਤਿੱਖਾ ਰੋਸ ਪ੍ਰਗਟ ਕਰਦਿਆਂ ਕਿਹਾ ਕਿ 2027 ਦੀ ਜਨਗਣਨਾ ਲਈ ਆਨਲਾਈਨ ਜਾਰੀ ਕੀਤੇ ਗਏ ਪੰਜਾਬੀ ਫਾਰਮ 'ਚ ਦਲਿਤ ਭਾਈਚਾਰੇ ਲਈ ਕਾਨੂੰਨੀ ਤੌਰ 'ਤੇ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ, ਜੋ ਕਿ ਬੇਹੱਦ ਮੰਦਭਾਗੀ ਗੱਲ ਹੈ | ਛੜਬੜ ਨੇ ਇਸ ਨੂੰ ਪੂਰੇ ਦਲਿਤ ਸਮਾਜ ਦਾ ਅਪਮਾਨ ਦੱਸਦਿਆਂ ਕਿਹਾ ਕਿ ਅਜਿਹੇ ਸ਼ਬਦਾਂ ਦੀ ਵਰਤੋਂ ਨਾਲ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਮਾਨਸਿਕ ਠੇਸ ਪਹੁੰਚੀ ਹੈ | ਉਨ੍ਹਾਂ ਐਸ.ਸੀ./ਐਸ.ਟੀ. ਕਮਿਸ਼ਨ ਤੋਂ ਮੰਗ ਕੀਤੀ ਕਿ ਇਹ ਪ੍ਰੋਫਾਰਮਾ ਤਿਆਰ ਕਰਨ ਵਾਲੇ ਅਧਿਕਾਰੀਆਂ ਦੀ ਮਨੂੰਵਾਦੀ ਸੋਚ ਦਾ ਗੰਭੀਰ ਨੋਟਿਸ ਲਿਆ ਜਾਵੇ ਤੇ ਉਨ੍ਹਾਂ ਵਿਰੁੱਧ ਐਸ. ਸੀ./ਐਸ. ਟੀ. ਐਕਟ ਤਹਿਤ ਸਖ਼ਤ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਨਗਣਨਾ ਦੇ ਫ਼ਰਮਾਨ 'ਚੋਂ ਇਨ੍ਹਾਂ ਇਤਰਾਜ਼ਯੋਗ ਸ਼ਬਦਾਂ ਨੂੰ ਤੁਰੰਤ ਹਟਾਇਆ ਜਾਵੇ | ਇਸ ਮੌਕੇ ਉਨ੍ਹਾਂ ਨਾਲ ਮਾ. ਸੁਰਿੰਦਰ ਸਿੰਘ, ਚਰਨਜੀਤ ਸਿੰਘ ਦੇਵੀਨਗਰ, ਮਾ. ਸ਼ੇਰ ਸਿੰਘ, ਰਾਜ ਕੁਮਾਰ ਝਰਮੜੀ, ਗੁਰਦੇਵ ਸਿੰਘ ਪਰਾਗਪੁਰ, ਗੁਰਮੀਤ ਸਿੰਘ ਜੌਲੀ, ਪਲਵਿੰਦਰ ਸਿੰਘ ਬੜਾਣਾ, ਜਸਵਿੰਦਰ ਸਿੰਘ ਰਾਣੀਮਾਜਰਾ, ਹਰਬੰਸ ਸਿੰਘ ਲਾਲੜੂ, ਬਲਦੇਵ ਸਿੰਘ ਚਡਿਆਲਾ, ਜੀਵਨ ਕੁਮਾਰ ਸਹੌਤਾ, ਡਾ. ਜਰਨੈਲ ਸਿੰਘ, ਜਥੇਦਾਰ ਸੁਰਜਨ ਸਿੰਘ, ਕੁਲਵੀਰ ਸਿੰਘ ਮੀਰਪੁਰਾ, ਤਾਰਾ ਸਿੰਘ ਅਤੇ ਗੁਰਮੀਤ ਸਿੰਘ ਸਮੇਤ ਕਈ ਹੋਰ ਆਗੂ ਵੀ ਮੌਜੂਦ ਸਨ |