31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਜ਼ਿਲ੍ਹਾ ਪ੍ਰੀਸ਼ਦ ਰੂਪਨਗਰ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ ਦੌਰਾਨ ਹੰਗਾਮਾ

ਅਜੀਤ ਡੈਸਕ 19-05-2026
ਰੂਪਨਗਰ, 18 ਮਈ (ਸਤਨਾਮ ਸਿੰਘ ਸੱਤੀ)- ਜ਼ਿਲ੍ਹਾ ਪ੍ਰੀਸ਼ਦ ਰੂਪਨਗਰ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਦੌਰਾਨ ਐਤਵਾਰ ਨੂੰ ਮੀਟਿੰਗ ਹਾਲ ਵਿਚ ਉਸ ਵੇਲੇ ਹੰਗਾਮਾ ਖੜਾ ਹੋ ਗਿਆ, ਜਦੋਂ ਕਾਂਗਰਸ ਪਾਰਟੀ ਨੇ ਆਮ ਆਦਮੀ ਪਾਰਟੀ ਅਤੇ ਪ੍ਰਸ਼ਾਸਨ 'ਤੇ ਧੱਕੇਸ਼ਾਹੀ ਤੇ ਲੋਕਤੰਤਰ ਦਾ ਕਤਲ ਕਰਨ ਦੇ ਗੰਭੀਰ ਦੋਸ਼ ਲਗਾਏ | ਕਾਂਗਰਸੀ ਆਗੂਆਂ ਨੇ ਚੋਣ ਪ੍ਰਕਿਰਿਆ ਨੂੰ ਰੱਦ ਕਰਦਿਆਂ ਮਾਮਲਾ ਹਾਈਕੋਰਟ ਵਿਚ ਲੈ ਕੇ ਜਾਣ ਦਾ ਐਲਾਨ ਕੀਤਾ ਹੈ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇੱਕ ਵਾਰ ਚੋਣ ਲਈ ਮੀਟਿੰਗ ਬੁਲਾਈ ਗਈ ਸੀ ਪਰ ਸੱਤਾਧਾਰੀ ਪਾਰਟੀ ਦੇ ਮੈਂਬਰਾਂ ਦੇ ਗੈਰ-ਹਾਜ਼ਰ ਰਹਿਣ ਕਾਰਨ ਚੋਣ ਮੁਲਤਵੀ ਕਰਨੀ ਪਈ ਸੀ | ਕਾਂਗਰਸ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਵਿਸਕੀ ਤੇ ਹੋਰ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੇ ਦੋਸ਼ ਲਗਾਇਆ ਕਿ ਚੋਣ ਹਾਲ ਵਿਚ ਨਾ ਤਾਂ ਕਾਂਗਰਸੀ ਮੈਂਬਰਾਂ ਦੀ ਹਾਜ਼ਰੀ ਲਗਾਈ ਗਈ ਤੇ ਨਾ ਹੀ ਵੋਟਿੰਗ ਕਰਵਾਈ ਗਈ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਸਰਕਾਰ ਦੇ ਦਬਾਅ ਹੇਠ ਕੰਮ ਕਰ ਰਿਹਾ ਸੀ ਤੇ ਬਿਨਾਂ ਕਾਨੂੰਨੀ ਪ੍ਰਕਿਰਿਆ ਪੂਰੀ ਕੀਤੇ ਹੀ 'ਆਪ' ਨੇ ਆਪਣੇ ਉਮੀਦਵਾਰਾਂ ਨੂੰ ਜੇਤੂ ਐਲਾਨ ਦਿੱਤਾ | ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਸਥਾਨਕ ਵਿਧਾਇਕ ਦਿਨੇਸ਼ ਚੱਢਾ 'ਤੇ ਚੋਣ ਨੂੰ ਪ੍ਰਭਾਵਿਤ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ 'ਆਪ' ਨੂੰ ਕਰਾਸ ਵੋਟਿੰਗ ਦਾ ਡਰ ਸੀ ਜਿਸ ਕਰ ਕੇ ਸੀਕ੍ਰੇਟ ਵੋਟਿੰਗ ਦੀ ਮੰਗ ਵੀ ਰੱਦ ਕਰ ਦਿੱਤੀ ਗਈ | ਕਾਂਗਰਸ ਆਗੂਆਂ ਨੇ ਇਹ ਵੀ ਦੋਸ਼ ਲਾਇਆ ਕਿ 'ਆਪ' ਦੇ ਆਪਣੇ ਹੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪਾਲ ਸਿੰਘ ਨੂੰ ਪੁਲਿਸ ਰਾਹੀਂ ਹਿਰਾਸਤ ਵਿਚ ਰੱਖਿਆ ਗਿਆ ਤਾਂ ਜੋ ਕੋਰਮ ਪ੍ਰਭਾਵਿਤ ਕੀਤਾ ਜਾ ਸਕੇ | ਯੂਥ ਕਾਂਗਰਸ ਆਗੂਆਂ ਨੇ ਦੱਸਿਆ ਕਿ ਪੁਲਿਸ ਨੇ ਜਸਪਾਲ ਸਿੰਘ ਨੂੰ ਨਾਲਾਗੜ੍ਹ ਤੋਂ ਆਉਂਦੇ ਸਮੇਂ ਹਿਰਾਸਤ ਵਿਚ ਲੈ ਕੇ ਉਸ 'ਤੇ ਧਾਰਾ 107/151 ਤਹਿਤ ਕਾਰਵਾਈ ਕੀਤੀ ਜਿਸ ਕਾਰਨ ਉਹ ਵੋਟਿੰਗ ਵਿਚ ਹਿੱਸਾ ਨਾ ਲੈ ਸਕੇ | ਕਾਂਗਰਸੀ ਆਗੂਆਂ ਨੇ ਕਿਹਾ ਕਿ ਇਸ ਮਾਮਲੇ ਵਿਚ ਸੰਬੰਧਿਤ ਅਧਿਕਾਰੀਆਂ ਨੂੰ ਪਾਰਟੀ ਬਣਾ ਕੇ ਹਾਈ ਕੋਰਟ ਵਿਚ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਇਸ ਦੌਰਾਨ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ | ਦੂਜੇ ਪਾਸੇ ਸੱਤਾਧਾਰੀ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਵੱਲੋਂ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ ਪ੍ਰਕਿਰਿਆ ਪੂਰੀ ਕਰ ਲਈ ਗਈ |
ਪਿਛਲੀ ਖ਼ਬਰ ਵੋਟਰ ਸੂਚੀ ਸੁਧਾਈ ਮੁਹਿੰਮ 2026 ਸੰਬੰਧੀ ਡਿਪਟੀ ਕਮਿਸ਼ਨਰ ਵਲੋਂ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ <br/> ਅਗਲੀ ਖ਼ਬਰ ਜ਼ਿਲ੍ਹਾ ਮੁਹਾਲੀ 'ਚ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਉਪਰੰਤ 1061 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਸਹੀ ਪਾਈਆਂ ਗਈਆਂ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।