ਰੂਪਨਗਰ, 19 ਮਈ (ਸਤਨਾਮ ਸਿੰਘ ਸੱਤੀ)-ਰੂਪਨਗਰ ਨੇੜਲੇ ਪਿੰਡ ਵਿਚ ਤਿੰਨ ਲੜਕੀਆਂ ਵਲੋਂ ਆਪਣੀ ਸਾਥੀ ਵਿਦਿਆਰਥਣ ਨੂੰ ਘਰ ਵਿਚ ਦਾਖਲ ਹੋ ਕੇ ਬੁਰੀ ਤਰ੍ਹਾਂ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਇਹ ਘਟਨਾ ਕਰੀਬ 15-20 ਦਿਨ ਪੁਰਾਣੀ ਦੱਸੀ ਜਾ ਰਹੀ ਹੈ, ਪਰ ਜਦੋਂ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਮਾਮਲਾ ਚਰਚਾ ਵਿਚ ਆਇਆ | ਪੀੜਤ ਵਿਦਿਆਰਥਣ ਅਮਨਜੋਤ ਕੌਰ ਦੇ ਪਰਿਵਾਰ ਨੇ ਦੱਸਿਆ ਕਿ ਲੜਕੀ ਕਾਫ਼ੀ ਦਿਨਾਂ ਤੋਂ ਡਰੀ ਅਤੇ ਸਹਿਮੀ ਹੋਈ ਸੀ ਅਤੇ ਇਸ ਘਟਨਾ ਬਾਰੇ ਘਰ ਵਿਚ ਕੁੱਝ ਨਹੀਂ ਦੱਸ ਰਹੀ ਸੀ | ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪਰਿਵਾਰ ਵਲੋਂ ਪੁੱਛਗਿੱਛ ਕੀਤੀ ਗਈ ਤਾਂ ਪੂਰੇ ਮਾਮਲੇ ਦਾ ਖੁਲਾਸਾ ਹੋਇਆ | ਲੜਕੀ ਨੂੰ ਸਿਵਲ ਹਸਪਤਾਲ ਰੂਪਨਗਰ ਵਿਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਵਲੋਂ ਉਸ ਦੀਆਂ ਗੰਭੀਰ ਸੱਟਾਂ ਦਾ ਇਲਾਜ ਕੀਤਾ ਜਾ ਰਿਹਾ ਹੈ | ਪੀੜਤ ਵਿਦਿਆਰਥਣ ਨੇ ਦੱਸਿਆ ਕਿ ਜਦੋਂ ਉਹ ਘਰ ਵਿਚ ਇਕੱਲੀ ਸੀ ਤਾਂ ਤਿੰਨ ਲੜਕੀਆਂ, ਜਿਨ੍ਹਾਂ ਵਿਚੋਂ ਇੱਕ ਮੀਆਂਪੁਰ, ਇੱਕ ਪਿੰਡ ਕੋਟਲਾ ਨਿਹੰਗ ਅਤੇ ਇੱਕ ਰੂਪਨਗਰ ਦੀ ਰਹਿਣ ਵਾਲੀ ਸੀ, ਉਸਦੇ ਘਰ ਆਈਆਂ | ਉਹ ਉਸ ਨੂੰ ਜ਼ਬਰਦਸਤੀ ਹੈਡਵਰਕਸ ਰੂਪਨਗਰ ਜਾਣ ਲਈ ਕਹਿ ਰਹੀਆਂ ਸਨ | ਇਨਕਾਰ ਕਰਨ 'ਤੇ ਪਹਿਲਾਂ ਮੁੱਕਿਆਂ ਨਾਲ ਕੁੱਟਮਾਰ ਕੀਤੀ ਗਈ, ਵਾਲ ਖਿੱਚੇ ਗਏ ਅਤੇ ਫਿਰ ਡੰਡਿਆਂ ਨਾਲ ਹਮਲਾ ਕੀਤਾ ਗਿਆ | ਪੀੜਤਾ ਮੁਤਾਬਕ ਕੁੱਟਮਾਰ ਦੀ ਵੀਡੀਓ ਬਣਾਕੇ ਕੁੱਝ ਨੌਜਵਾਨਾਂ ਨੂੰ ਵੀ ਭੇਜੀ ਗਈ | ਪਰਿਵਾਰ ਨੇ ਦੋਸ਼ ਲਾਇਆ ਕਿ ਕੁੱਝ ਦਿਨ ਪਹਿਲਾਂ ਥਾਣਾ ਸਿੰਘ ਭਗਵੰਤਪੁਰ ਵਿਖੇ ਸ਼ਿਕਾਇਤ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ | ਮਾਮਲਾ ਮੀਡੀਆ ਵਿਚ ਆਉਣ ਤੋਂ ਬਾਅਦ ਪੁਲਿਸ ਹਰਕਤ ਵਿਚ ਆਈ ਅਤੇ ਛਾਪੇਮਾਰੀ ਸ਼ੁਰੂ ਕੀਤੀ ਗਈ | ਥਾਣਾ ਸਿੰਘ ਭਗਵੰਤਪੁਰ ਦੇ ਐਸ.ਐਚ.ਓ. ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਦੇ ਧਿਆਨ ਵਿਚ ਮਾਮਲਾ ਆਉਣ ਤੋਂ ਬਾਅਦ ਡੀ.ਐਸ.ਪੀ. ਦੀ ਨਿਗਰਾਨੀ ਹੇਠ ਜਾਂਚ ਕੀਤੀ ਜਾ ਰਹੀ ਹੈ | ਪੁਲਿਸ ਨੇ ਵੀਡੀਓ ਬਣਾਉਣ ਵਾਲੀ ਇੱਕ ਨਾਬਾਲਗ ਲੜਕੀ ਨੂੰ ਪਰਿਵਾਰ ਸਮੇਤ ਥਾਣੇ ਸੱਦਿਆ ਹੈ, ਜਦਕਿ ਹੋਰ ਲੜਕੀਆਂ ਦੀ ਭਾਲ ਜਾਰੀ ਹੈ | ਪਰਿਵਾਰ ਨੇ ਮੰਗ ਕੀਤੀ ਹੈ ਕਿ ਘਰ ਵਿਚ ਦਾਖਲ ਹੋ ਕੇ ਕੁੱਟਮਾਰ ਕਰਨ ਅਤੇ ਵੀਡੀਓ ਵਾਇਰਲ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਇਨਸਾਫ ਦਿੱਤਾ ਜਾਵੇ | ਦੂਜੇ ਪਾਸੇ ਡੀ.ਐਸ.ਪੀ. ਦੀਪਇੰਦਰ ਸਿੰਘ ਨੇ ਕਿਹਾ ਕਿ ਪੀੜਤ ਅਤੇ ਮੁਲਜਮ ਧਿਰ ਦੀਆਂ ਲੜਕੀਆਂ ਨਬਾਲਗ ਹਨ ਹਾਲਾਂਕਿ ਉਹ ਸਿਰਫ ਇੱਕ ਕੁੜੀ ਦਾ ਪਤਾ ਲਗਾ ਸਕੇ ਹਨ, ਬਾਕੀ ਕੁੜੀਆਂ ਹਜੇ ਫਰਾਰ ਹਨ | ਉਹਨਾਂ ਕਿਹਾ ਕਿ ਮਾਮਲੇ ਬਾਰੇ ਉਨਾਂ ਨੇ ਮਹਿਲਾ ਬਾਲ ਸੁਰੱਖਿਆ ਵਿਭਾਗ ਨੂੰ ਸੂਚਿਤ ਕਰ ਦਿੱਤਾ ਹੈ |