ਚੰਡੀਗੜ੍ਹ, 4 ਜੂਨ (ਅਜਾਇਬ ਸਿੰਘ ਔਜਲਾ)- 'ਵਿਸ਼ਵ ਵਾਤਾਵਰਨ ਦਿਵਸ' ਦੀ ਪੂਰਵ ਸੰਧਿਆ 'ਤੇ ਥੀਏਟਰ ਆਰਟਸ ਚੰਡੀਗੜ੍ਹ ਦੇ ਕਲਾਕਾਰਾਂ ਨੇ ਸੈਕਟਰ 17 ਪਲਾਜ਼ਾ ਵਿਖੇ 'ਵਾਤਾਵਰਨ ਦਾ ਵਿਨਾਸ਼' ਨਾਟਕ ਦਾ ਸਫਲਤਾਪੂਰਵਕ ਮੰਚਨ ਕੀਤਾ | ਇਹ ਨਾਟਕ ਰਾਜੀਵ ਮਹਿਤਾ ਦੁਆਰਾ ਲਿਖਿਆ ਤੇ ਨਿਰਦੇਸ਼ਤ ਕੀਤਾ ਗਿਆ | ਪਿਛਲੇ 27 ਸਾਲਾਂ ਤੋਂ ਥੀਏਟਰ ਆਰਟਸ ਚੰਡੀਗੜ੍ਹ ਦੇ ਕਲਾਕਾਰ ਨਾਟਕਾਂ ਰਾਹੀਂ ਵਿਸ਼ਵ ਵਾਤਾਵਰਨ ਦਿਵਸ ਮਨਾ ਰਹੇ ਹਨ ਤੇ ਤੇਜ਼ੀ ਨਾਲ ਫੈਲ ਰਹੇ ਪ੍ਰਦੂਸ਼ਣ ਦੇ ਖ਼ਤਰਿਆਂ ਬਾਰੇ ਜਾਗਰੂਕਤਾ ਪੈਦਾ ਕਰ ਰਹੇ ਹਨ | ਇਸ ਮੌਕੇ ਦਰਸ਼ਕਾਂ ਨੂੰ ਬੂਟੇ ਵੰਡੇ ਗਏ ਤੇ ਉਨ੍ਹਾਂ ਨੂੰ ਤਾਜ਼ੀ ਆਕਸੀਜਨ ਪ੍ਰਦਾਨ ਕਰਨ ਤੇ ਵਾਤਾਵਰਨ ਨੂੰ ਹਰਾ-ਭਰਾ ਤੇ ਸਾਫ਼ ਰੱਖਣ ਲਈ ਆਪਣੇ ਘਰਾਂ 'ਚ ਬੂਟੇ ਲਗਾਉਣ ਲਈ ਉਤਸ਼ਾਹਿਤ ਕੀਤਾ | ਨਾਟਕ ਵਿਚ ਮੁੱਖ ਭੂਮਿਕਾਵਾਂ ਰਾਜੀਵ ਮਹਿਤਾ, ਯੋਗੇਸ਼ ਅਰੋੜਾ, ਭੁਪਿੰਦਰ ਸਿੰਘ ਸੰਧੂ, ਆਸ਼ਾ ਸਕਲਾਨੀ, ਰਾਹੁਲ ਵਰਮਾ, ਹਰਪ੍ਰੀਤ ਸਿੰਘ, ਸੰਦੀਪ, ਆਰਵ ਅਰੋੜਾ, ਸਾਹਿਲ ਅਰੋੜਾ ਤੇ ਅਵਦੇਸ਼ ਕੁਮਾਰ ਵਲੋਂ ਬਾ-ਖੂਬੀ ਨਿਭਾਈਆਂ ਗਈਆਂ | ਨਾਟਕ ਦੀ ਪੇਸ਼ਕਾਰੀ ਇਕ ਸਾਰਥਿਕ ਸੁਨੇਹਾ ਦੇਣ 'ਚ ਸਫਲ ਰਹੀ |