ਚੰਡੀਗੜ੍ਹ, 4 ਜੂਨ (ਸੁਖਵਿੰਦਰ ਸਿੰਘ ਸ਼ਾਨ)- ਚੰਡੀਗੜ੍ਹ ਦੇ ਨਾਲ-ਨਾਲ ਮੋਹਾਲੀ ਅਤੇ ਪੰਚਕੂਲਾ ਰਾਤ ਪੈਂਦਿਆਂ ਹੀ ਹਲਕੇ ਤੋਂ ਦਰਮਿਆਨਾ ਮੀਂਹ ਪਿਆ ਜਿਸ ਕਾਰਨ ਸ਼ਹਿਰਾਂ ਦਾ ਮੌਸਮ ਸੁਹਾਵਣਾ ਬਣ ਗਿਆ ਜਦੋਂ ਕਿ ਸ਼ਾਮ ਨੂੰ ਧੂੜ ਭਰੀ ਹਨੇਰੀ ਚੱਲੀ ਜਿਸ ਕਾਰਨ ਰਾਹਗੀਰਾਂ ਨੂੰ ਸਫ਼ਰ ਕਰਨ ਵਿਚ ਭਾਰੀ ਦਿੱਕਤਾਂ ਆਈਆਂ | ਉੱਧਰ ਮੌਸਮ ਵਿਭਾਗ ਨੇ ਸ਼ੁੱਕਰਵਾਰ ਤੇ ਸਨਿਚਰਵਾਰ ਲਈ ਅਲਰਟ ਜਾਰੀ ਕੀਤਾ ਹੈ, ਜਿਸ ਵਿਚ ਤੇਜ਼ ਹਵਾਵਾਂ, ਗਰਜ ਤੇ ਮੀਂਹ ਪੈਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ | ਵੀਰਵਾਰ ਦਾ ਦਿਨ ਢਲਦਿਆਂ ਹੀ ਚੰਡੀਗੜ੍ਹ ਵਿਚ ਬੱਦਲ ਛਾ ਗਏ ਤੇ ਰਾਤ ਦੇ ਸਾਢੇ 8 ਵੱਜਦਿਆਂ ਤੱਕ ਰਾਜਧਾਨੀ ਵਿਚ 5.6 ਮਿਲੀਮੀਟਰ ਤੱਕ ਦਾ ਮੀਂਹ ਪੈ ਗਿਆ ਪਰ ਮੀਂਹ ਜਾਰੀ ਰਿਹਾ | ਰਾਤ ਸਮੇਂ ਮੀਂਹ ਪੈਣ ਨਾਲ ਸ਼ਹਿਰ ਵਾਸੀਆਂ ਦਿਨ ਭਰ ਦੀ ਗਰਮੀ ਤੋਂ ਰਾਹਤ ਮਿਲੀ ਤੇ ਸੜਕਾਂ 'ਤੇ ਗੱਡੀਆਂ ਦੀ ਰਫ਼ਤਾਰ ਧੀਮੀ ਹੋ ਗਈ | ਮੋਹਾਲੀ ਤੇ ਪੰਚਕੂਲਾ 'ਚ ਵੀ ਦਰਮਿਆਨਾ ਮੀਂਹ ਪਿਆ ਤੇ ਤੇਜ਼ ਗਤੀ ਦੀਆਂ ਹਵਾਵਾਂ ਚੱਲੀਆਂ | ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਸ਼ੁੱਕਰਵਾਰ ਨੂੰ ਚੰਡੀਗੜ੍ਹ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ | ਕਈ ਥਾਵਾਂ 'ਤੇ ਗਰਜ ਤੇ ਬਿਜਲੀ ਡਿੱਗਣ ਦੀ ਵੀ ਉਮੀਦ ਹੈ | ਪੱਛਮੀ ਗੜਬੜ ਦੇ ਹਿਮਾਚਲ ਪ੍ਰਦੇਸ਼ ਵੱਲ ਸਰਗਰਮ ਹੋਣ ਦਾ ਪ੍ਰਭਾਵ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਸਮੇਤ ਪੂਰੇ ਖੇਤਰ ਵਿਚ ਮਹਿਸੂਸ ਕੀਤਾ ਜਾਵੇਗਾ |
ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ 'ਚ ਪਿਆ ਮੀਂਹ, ਗਰਮੀ ਤੋਂ ਮਿਲੀ ਰਾਹਤ <br/>
ਅਜੀਤ ਡੈਸਕ
05-06-2026