ਚੰਡੀਗੜ੍ਹ, 4 ਜੂਨ (ਰਾਮ ਸਿੰਘ ਬਰਾੜ) - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨਿਰਦੇਸ਼ ਦਿੱਤੇ ਹਨ ਕਿ ਪਹਿਲਾਂ ਕੀਤੇ ਗਏ ਐਲਾਨਾਂ ਅਨੁਸਾਰ ਸੂਬੇ ਦੀਆਂ 12 ਫੁੱਟ ਚੌੜਾਈ ਵਾਲੀਆਂ ਸਾਰੀਆਂ ਸੜਕਾਂ ਨੂੰ 18 ਫੁੱਟ ਚੌੜਾ ਕਰਨ ਦਾ ਕਾਰਜ ਮਾਰਚ 2027 ਤੱਕ ਲਾਜ਼ਮੀ ਤੌਰ 'ਤੇ ਪੂਰਾ ਕਰ ਲਿਆ ਜਾਵੇ | ਮੁੱਖ ਮੰਤਰੀ ਨੇ ਇਹ ਨਿਰਦੇਸ਼ ਵੀਰਵਾਰ ਨੂੰ ਹਰਿਆਣਾ ਸਿਵਲ ਸਕੱਤਰੇਤ ਵਿੱਚ ਹਰਿਆਣਾ ਵਿਜ਼ਨ-2047 ਤਹਿਤ ਪੀ.ਡਬਲਿਯੂ.ਡੀ. (ਬੀਐਂਡਆਰ) ਵਿਭਾਗ ਦੇ ਅਗਲੇ 5 ਸਾਲਾਂ ਦੇ ਰੋਡਮੈਪ ਤੇ ਕਾਰਜ ਯੋਜਨਾ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰਦਿਆਂ ਦਿੱਤੇ | ਮੁੱਖ ਮੰਤਰੀ ਨੇ ਕਿਹਾ ਕਿ ਆਮ ਲੋਕਾਂ ਦੀ ਸਹੂਲਤ ਲਈ ਸੜਕਾਂ ਦਾ ਚੰਗੀ ਹਾਲਤ ਵਿੱਚ ਤੇ ਯੋਗ ਚੌੜਾਈ ਦਾ ਹੋਣਾ ਜ਼ਰੂਰੀ ਹੈ | ਇਸ ਲਈ ਪਹਿਲਾਂ ਕੀਤੇ ਗਏ ਮੁੱਖ ਮੰਤਰੀ ਐਲਾਨਾਂ ਅਨੁਸਾਰ ਸੂਬੇ ਵਿੱਚ ਸਾਰੀਆਂ 12 ਫੁੱਟ ਦੀਆਂ ਸੜਕਾਂ ਦੀ ਚੌੜਾਈ ਨੂੰ 18 ਫੁੱਟ ਕੀਤਾ ਜਾਵੇ | ਇਹ ਕਾਰਜ ਇਸ ਵਿੱਤੀ ਸਾਲ ਦੇ ਖ਼ਤਮ ਹੋਣ ਤੋਂ ਪਹਿਲਾਂ ਪੂਰਾ ਕੀਤਾ ਜਾਵੇ | ਇਸ ਕਾਰਜ ਦੀ ਸਥਿਤੀ ਪੁੱਛਣ 'ਤੇ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਮੇਂ ਸੂਬੇ ਵਿੱਚ 3240 ਕਿਲੋਮੀਟਰ ਲੰਬੀਆਂ ਲਿੰਕ ਸੜਕਾਂ 12 ਫੁੱਟ ਚੌੜਾਈ ਦੀਆਂ ਹਨ ਜਿਨ੍ਹਾਂ ਨੂੰ 18 ਫੁੱਟ ਚੌੜਾ ਕੀਤਾ ਜਾ ਰਿਹਾ ਹੈ | ਇਹਨਾਂ ਵਿੱਚੋਂ 1696 ਕਿਲੋਮੀਟਰ ਲੰਬੀਆਂ ਸੜਕਾਂ ਨੂੰ ਚੌੜਾ ਕਰਨ ਦਾ ਕਾਰਜ ਪ੍ਰਗਤੀ ਅਧੀਨ ਹੈ ਅਤੇ ਬਾਕੀ 1544 ਕਿਲੋਮੀਟਰ ਸੜਕਾਂ ਨੂੰ ਇਸੇ ਸਾਲ 18 ਫੁੱਟ ਚੌੜਾ ਕਰ ਦਿੱਤਾ ਜਾਵੇਗਾ | ਮੁੱਖ ਮੰਤਰੀ ਨੇ ਇਹ ਕਾਰਜ ਨਵੰਬਰ 2027 ਤੱਕ ਪੂਰਾ ਕਰਨ ਦਾ ਟੀਚਾ ਨਿਰਧਾਰਿਤ ਕੀਤਾ | ਸੂਬੇ 'ਚ ਰੇਲਵੇ ਕਰਾਸਿੰਗ ਦੇ ਫਾਟਕਾਂ ਨੂੰ ਮਾਨਵ ਰਹਿਤ ਕਰਨ ਲਈ ਕੀਤੇ ਜਾ ਰਹੇ ਕਾਰਜਾਂ ਦੀ ਸਮੀਖਿਆ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਜ ਵੱਖ-ਵੱਖ ਵਿਭਾਗਾਂ ਅਤੇ ਰੇਲਵੇ ਰਾਹੀਂ ਕੀਤਾ ਜਾ ਰਿਹਾ ਹੈ, ਕੁਝ ਥਾਵਾਂ 'ਤੇ ਰੇਲਵੇ ਦੀ ਪ੍ਰਵਾਨਗੀ ਨਾ ਮਿਲਣ ਕਾਰਨ ਕਾਰਜ ਪੂਰੇ ਨਹੀਂ ਹੋ ਸਕੇ | ਮੁੱਖ ਮੰਤਰੀ ਨੇ ਕਿਹਾ ਕਿ ਜਿੱਥੇ-ਜਿੱਥੇ ਰੇਲਵੇ ਦੀ ਇਜਾਜ਼ਤ ਕਾਰਨ ਕਾਰਜ ਰੁਕੇ ਹੋਏ ਹਨ, ਉਨ੍ਹਾਂ ਦੀ ਸੂਚੀ ਤਿਆਰ ਕਰੋ, ਉਹ ਖੁਦ ਰੇਲ ਮੰਤਰੀ ਨੂੰ ਮਿਲ ਕੇ ਇਹਨਾਂ ਅੜਚਨਾਂ ਨੂੰ ਦੂਰ ਕਰਵਾਉਣਗੇ | ਮੁੱਖ ਮੰਤਰੀ ਨੇ ਕੁਰੂਕਸ਼ੇਤਰ ਸਮੇਤ ਹੋਰ ਜ਼ਿਲਿ੍ਹਆਂ ਵਿੱਚ ਨਵੇਂ ਰੈਸਟ ਹਾਊਸ ਬਣਾਉਣ ਦੇ ਕਾਰਜ ਦੀ ਸਮੀਖਿਆ ਕਰਦਿਆਂ ਕਿਹਾ ਕਿ 15 ਅਗਸਤ ਨੂੰ ਸੂਬੇ ਵਿੱਚ ਇੱਕੋ ਦਿਨ ਨਵੇਂ ਰੇਸਟ ਹਾਊਸਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ | ਇਸ ਮੌਕੇ ਮੁੱਖ ਸਕੱਤਰ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਰੁਣ ਕੁਮਾਰ ਗੁਪਤਾ, ਪੀ.ਡਬਲਿਯੂ.ਡੀ. ਬੀ.ਐਂਡ.ਆਰ. ਦੇ ਵਧੀਕ ਮੁੱਖ ਸਕੱਤਰ ਏ.ਕੇ. ਸਿੰਘ, ਡਿਪਾਰਟਮੈਂਟ ਆਫ ਫਿਊਚਰ ਦੀ ਪ੍ਰਧਾਨ ਸਕੱਤਰ ਅਮਨੀਤ ਪੀ ਕੁਮਾਰ, ਮੁੱਖ ਮੰਤਰੀ ਦੇ ਓ.ਐਸ.ਡੀ. ਭਾਰਤ ਭੂਸ਼ਣ ਭਾਰਤੀ ਤੇ ਓ.ਐਸ.ਡੀ. ਤੇ ਸਵਰਨ ਜਯੰਤੀ ਹਰਿਆਣਾ ਵਿੱਤੀ ਪ੍ਰਬੰਧਨ ਸੰਸਥਾਨ ਦੇ ਡਾਇਰੈਕਟਰ ਜਨਰਲ ਡਾ. ਰਾਜ ਨਹਿਰੂ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ |