ਪੰਚਕੂਲਾ, 4 ਜੂਨ (ਕਪਿਲ)- ਹਰਿਆਣਾ ਐਂਟੀ ਕੁਰੱਪਸ਼ਨ ਬਿਊਰੋ ਦੇ ਮੁਖੀ ਏ. ਐੱਸ. ਚਾਵਲਾ ਨੇ ਅੱਜ ਮੁੱਖ ਦਫ਼ਤਰ ਵਿਖੇ ਸੱਦੇ ਗਏ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਿ੍ਸ਼ਟਾਚਾਰ 'ਤੇ ਨਕੇਲ ਕੱਸਣ ਲਈ ਬਿਊਰੋ ਵਲੋਂ ਜਲਦ ਹੀ ਇਕ ਵਿਸ਼ੇਸ਼ ਮੋਬਾਈਲ ਐਪ ਸ਼ੁਰੂ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਇਸ ਐਪ ਰਾਹੀਂ ਆਮ ਲੋਕ ਸਿੱਧੇ ਤੌਰ 'ਤੇ ਏ. ਸੀ. ਬੀ. ਨਾਲ ਸੰਪਰਕ ਕਰ ਸਕਣਗੇ ਤੇ ਭਿ੍ਸ਼ਟ ਅਧਿਕਾਰੀਆਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾ ਸਕਣਗੇ | ਉਨ੍ਹਾਂ ਦੱਸਿਆ ਕਿ 2 ਜਨਵਰੀ ਨੂੰ ਅਹੁਦਾ ਸੰਭਾਲਣ ਤੋਂ ਬਾਅਦ ਤੋਂ ਹੀ ਉਨ੍ਹਾਂ ਵਲੋਂ ਸਰਕਾਰ ਦੀ ਮਨਸ਼ਾ ਅਨੁਸਾਰ ਪਾਰਦਰਸ਼ੀ ਪ੍ਰਣਾਲੀ ਨੂੰ ਮਜ਼ਬੂਤ ਕਰਨ 'ਤੇ ਧਿਆਨ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜਿਹੜੇ ਅਧਿਕਾਰੀ ਤੇ ਕਰਮਚਾਰੀ ਰਿਸ਼ਵਤ ਤੋਂ ਬਿਨਾਂ ਕੰਮ ਨਹੀਂ ਕਰਦੇ ਉਨ੍ਹਾਂ ਦੇ ਮਨ 'ਚ ਕਾਨੂੰਨ ਦਾ ਡਰ ਪੈਦਾ ਕਰਨਾ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਇਕ ਛਾਪੇਮਾਰੀ ਦਾ ਅਸਰ ਕੁਝ ਦਿਨਾਂ ਤੱਕ ਰਹਿੰਦਾ ਹੈ, ਇਸ ਲਈ ਭਿ੍ਸ਼ਟਾਚਾਰ ਖ਼ਿਲਾਫ਼ ਲਗਾਤਾਰ ਕਾਰਵਾਈ ਜਾਰੀ ਰਹੇਗੀ | ਉਨ੍ਹਾਂ ਦੱਸਿਆ ਕਿ 1 ਜਨਵਰੀ ਤੋਂ 31 ਮਈ ਤੱਕ ਐਂਟੀ ਕੁਰੱਪਸ਼ਨ ਬਿਊਰੋ ਵਲੋਂ 67 ਛਾਪੇਮਾਰੀਆਂ ਕੀਤੀਆਂ ਗਈਆਂ ਜਿਨ੍ਹਾਂ ਦੌਰਾਨ ਕਈ ਲੋਕਾਂ ਨੂੰ ਰੰਗੇ-ਹੱਥੀਂ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ ਹੈ | ਗਿ੍ਫ਼ਤਾਰ ਮੁਲਜ਼ਮਾਂ 'ਚ 8 ਗਰੁੱਪ-ਬੀ ਤੇ 51 ਗਰੁੱਪ-ਸੀ ਦੇ ਅਧਿਕਾਰੀ/ਕਰਮਚਾਰੀ ਸ਼ਾਮਿਲ ਹਨ ਜਦਕਿ ਕੁਝ ਨਿੱਜੀ ਵਿਅਕਤੀਆਂ ਨੂੰ ਵੀ ਕਾਬੂ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਔਸਤਨ ਹਰ ਡੇਢ ਤੋਂ ਦੋ ਦਿਨਾਂ 'ਚ ਇਕ ਅਧਿਕਾਰੀ ਜਾਂ ਕਰਮਚਾਰੀ ਨੂੰ ਰਿਸ਼ਵਤਖੋਰੀ ਦੇ ਮਾਮਲੇ 'ਚ ਕਾਬੂ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਦਿੱਤੇ ਗਏ ਰਿਵਾਲਵਿੰਗ ਫ਼ੰਡ ਕਾਰਨ ਹੁਣ ਸ਼ਿਕਾਇਤਕਰਤਾਵਾਂ ਨੂੰ ਰਿਸ਼ਵਤ ਵਜੋਂ ਦਿੱਤੀ ਗਈ ਰਕਮ 10 ਤੋਂ 15 ਦਿਨਾਂ 'ਚ ਵਾਪਸ ਮਿਲ ਜਾਂਦੀ ਹੈ ਜਦਕਿ ਪਹਿਲਾਂ ਇਹ ਰਕਮ ਅਦਾਲਤੀ ਕਾਰਵਾਈ ਪੂਰੀ ਹੋਣ ਤੱਕ ਫਸੀ ਰਹਿੰਦੀ ਸੀ | ਇਸੇ ਦੌਰਾਨ ਪੰਚਕੂਲਾ ਨਗਰ ਨਿਗਮ ਬੈਂਕ ਘੁਟਾਲੇ ਸੰਬੰਧੀ ਪੁੱਛੇ ਗਏ ਸਵਾਲ ਦੇ ਜਵਾਬ 'ਚ ਏ.ਐਸ. ਚਾਵਲਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਹੁਣ ਤੱਕ ਕਈ ਗਿ੍ਫ਼ਤਾਰੀਆਂ ਹੋ ਚੁੱਕੀਆਂ ਹਨ | ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਜਿਹੜੇ ਵਿਅਕਤੀਆਂ ਦੇ ਨਾਂਅ ਸਾਹਮਣੇ ਆਉਣਗੇ, ਉਨ੍ਹਾਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਬੇਕਸੂਰ ਵਿਅਕਤੀ ਨੂੰ ਤੰਗ-ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ | ਉਨ੍ਹਾਂ 590 ਕਰੋੜ ਦੇ ਦੂਜੇ ਬੈਂਕ ਘੁਟਾਲੇ ਬਾਰੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਸੀ.ਬੀ.ਆਈ. ਵਲੋਂ ਕੀਤੀ ਜਾ ਰਹੀ ਹੈ | ਉਨ੍ਹਾਂ ਐਲਾਨ ਕੀਤਾ ਕਿ ਜਿਨ੍ਹਾਂ ਸ਼ਿਕਾਇਤਕਰਤਾਵਾਂ ਨੇ ਭਿ੍ਸ਼ਟ ਅਧਿਕਾਰੀਆਂ ਖ਼ਿਲਾਫ਼ ਸ਼ਿਕਾਇਤ ਕਰਕੇ ਅਦਾਲਤ 'ਚ ਡੱਟ ਕੇ ਗਵਾਹੀ ਦਿੱਤੀ ਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ, ਉਨ੍ਹਾਂ ਨੂੰ ਭਵਿੱਖ 'ਚ ਸਨਮਾਨਿਤ ਵੀ ਕੀਤਾ ਜਾਵੇਗਾ | 04 ਐਮਓਐਚ 14