ਐੱਸ. ਏ. ਐੱਸ. ਨਗਰ, 4 ਜੂਨ (ਤਰਵਿੰਦਰ ਸਿੰਘ ਬੈਨੀਪਾਲ)- ਭਾਰਤ ਸਰਕਾਰ ਵਲੋਂ ਰਾਸ਼ਟਰੀ ਤਪਦਿਕ ਖ਼ਾਤਮਾ ਪ੍ਰੋਗਰਾਮ ਤਹਿਤ ਹਾਲ ਹੀ ਵਿਚ 'ਟੀ. ਬੀ. ਮੁਕਤ ਭਾਰਤ' ਐਪ ਸ਼ੁਰੂ ਕੀਤੀ ਗਈ ਹੈ ਤਾਂ ਕਿ ਜਾਗਰੂਕਤਾ ਦਾ ਸੁਨੇਹਾ ਵੱਧ ਤੋਂ ਵੱਧ ਫੈਲ ਸਕੇ | ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਇਹ ਐਪ ਐਂਡਰਾਇਡ ਮੋਬਾਈਲ ਫ਼ੋਨਾਂ ਲਈ ਪਲੇਅ ਸਟੋਰ 'ਤੇ ਉਪਲੱਬਧ ਹੈ ਅਤੇ ਹਰ ਨਾਗਰਿਕ ਨੂੰ ਇਸ ਦੀ ਵਰਤੋਂ ਕਰਕੇ ਟੀ. ਬੀ. ਖ਼ਾਤਮੇ ਦੀ ਮੁਹਿੰਮ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ | ਡਾ. ਜੈਨ ਨੇ ਕਿਹਾ ਕਿ 'ਟੀ. ਬੀ. ਮੁਕਤ ਭਾਰਤ' ਐਪ ਟੀ. ਬੀ. ਖ਼ਾਤਮੇ ਲਈ ਮਹੱਤਵਪੂਰਨ ਡਿਜ਼ੀਟਲ ਪਲੇਟਫ਼ਾਰਮ ਸਾਬਿਤ ਹੋਵੇਗੀ | ਉਨ੍ਹਾਂ ਕਿਹਾ ਕਿ ਇਹ ਐਪ ਟੀ. ਬੀ. ਮਰੀਜ਼ਾਂ, ਸਿਹਤ ਕਰਮਚਾਰੀਆਂ, ਵਲੰਟੀਅਰਾਂ ਤੇ ਨਿਕਸ਼ੇ ਮਿੱਤਰਾਂ ਨੂੰ ਇਕੋ ਮੰਚ 'ਤੇ ਜੋੜ ਕੇ ਮਰੀਜ਼ਾਂ ਦੀ ਨਿਰੰਤਰ ਨਿਗਰਾਨੀ, ਇਲਾਜ ਦੀ ਪ੍ਰਗਤੀ ਤੇ ਪੋਸ਼ਣ ਸਹਾਇਤਾ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਏਗੀ | ਉਨ੍ਹਾਂ ਦੱਸਿਆ ਕਿ ਐਪ ਵਿਚ ਏ.ਆਈ. ਆਧਾਰਿਤ 'ਖ਼ੁਸ਼ੀ' (ਈ-ਸੰਗਿਨੀ) ਫ਼ੀਚਰ ਵੀ ਸ਼ਾਮਿਲ ਹੈ ਜਿਸ ਰਾਹੀਂ ਲੋਕ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿਚ ਟੀ. ਬੀ. ਸੰਬੰਧੀ ਆਪਣੇ ਸਵਾਲਾਂ ਦੇ ਤੁਰੰਤ ਅਤੇ ਸਹੀ ਜਵਾਬ ਪ੍ਰਾਪਤ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ 100 ਰੋਜ਼ਾ ਤੀਬਰ ਰੋਕਥਾਮ ਮੁਹਿੰਮ ਪੂਰੀ ਤੇਜ਼ੀ ਨਾਲ ਚੱਲ ਰਹੀ ਹੈ ਜਿਸ ਤਹਿਤ ਸਿਹਤ ਟੀਮਾਂ ਵਲੋਂ ਘਰ-ਘਰ ਜਾ ਕੇ ਲੋਕਾਂ ਨੂੰ ਟੀ.ਬੀ. ਦੇ ਲੱਛਣਾਂ ਬਾਰੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਟੀ.ਬੀ. ਦਾ ਪੱਕਾ ਇਲਾਜ ਮੌਜੂਦ ਹੈ ਤੇ ਬਿਮਾਰੀ ਹੋਣ 'ਤੇ ਘਬਰਾਉਣ ਦੀ ਲੋੜ ਨਹੀਂ | ਉਨ੍ਹਾਂ ਕਿਹਾ ਕਿ ਹਰ ਸਰਕਾਰੀ ਸਿਹਤ ਸੰਸਥਾ ਵਿਚ ਡਾਟਸ ਪ੍ਰਣਾਲੀ ਰਾਹੀਂ ਇਸ ਬਿਮਾਰੀ ਦਾ ਬਿਲਕੱੁਲ ਮੁਫ਼ਤ ਇਲਾਜ ਹੁੰਦਾ ਹੈ | ਇਹ ਬਿਮਾਰੀ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਕਿਸੇ ਵੀ ਸਮੇਂ ਹੋ ਸਕਦੀ ਹੈ |