29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਡੇਰਾਬੱਸੀ 'ਚ ਬੇਸਹਾਰਾ ਪਸ਼ੂਆਂ ਦੀ ਵਧ ਰਹੀ ਗਿਣਤੀ ਸਥਾਨਕ ਵਾਸੀਆਂ ਤੇ ਵਾਹਨ ਚਾਲਕਾਂ ਲਈ ਬਣੀ ਜਾਨ ਦਾ ਖੌਅ <br/>

ਅਜੀਤ ਡੈਸਕ 05-06-2026
ਡੇਰਾਬੱਸੀ, 4 ਜੂਨ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਸ਼ਹਿਰ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ 'ਚ ਬੇਸਹਾਰਾ ਪਸ਼ੂਆਂ ਦੀ ਲਗਾਤਾਰ ਵਧ ਰਹੀ ਗਿਣਤੀ ਸਥਾਨਕ ਨਿਵਾਸੀਆਂ ਤੇ ਵਾਹਨ ਚਾਲਕਾਂ ਲਈ ਜਾਨ ਦਾ ਖੌਅ ਬਣ ਚੁੱਕੀ ਹੈ ਜੋ ਨਗਰ ਕੌਂਸਲ ਤੇ ਸਥਾਨਕ ਪ੍ਰਸ਼ਾਸਨ ਵਲੋਂ ਸ਼ਹਿਰ ਨੂੰ ਸੁਚਾਰੂ ਬਣਾਉਣ ਦੇ ਕੀਤੇ ਜਾਂਦੇ ਵੱਡੇ-ਵੱਡੇ ਦਾਅਵਿਆਂ ਦੀ ਹਕੀਕਤ ਤੋਂ ਕੋਹਾਂ ਦੂਰ ਹੈ | ਡੇਰਾਬੱਸੀ ਸ਼ਹਿਰ ਦੇ ਹੈਬਤਪੁਰ ਰੋਡ ਸਮੇਤ ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਗਾਵਾਂ ਤੇ ਸਾਂਢਾਂ ਦੇ ਵੱਡੇ ਝੁੰਡ ਬੇਖ਼ੌਫ਼ ਹੋ ਕੇ ਮੁੱਖ ਸੜਕ ਦੇ ਬਿਲਕੁੱਲ ਵਿਚਕਾਰ ਘੁੰਮਦੇ ਦਿਖਾਈ ਦਿੰਦੇ ਹਨ | ਡੇਰਾਬੱਸੀ ਹੈਬਤਪੁਰ ਰੋਡ ਤੇ ਡੀ.ਏ.ਵੀ. ਸਕੂਲ ਦੇ ਨੇੜੇ ਹਾਲਾਤ ਬਿਆਨ ਕਰਦੇ ਹਨ ਕਿ ਕਿਸ ਤਰ੍ਹਾਂ ਇਨ੍ਹਾਂ ਬੇਸਹਾਰਾ ਪਸ਼ੂਆਂ ਕਾਰਨ ਸੜਕ ਦੇ ਦੂਜੇ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ ਤੇ ਸੜਕਾਂ ਦੇ ਵਿਚਕਾਰ ਪਸ਼ੂਆਂ ਦੇ ਅਚਾਨਕ ਆ ਜਾਣ ਕਾਰਨ ਤੇਜ਼ ਰਫ਼ਤਾਰ ਵਾਹਨ ਚਾਲਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ | ਸਥਾਨਕ ਦੁਕਾਨਦਾਰਾਂ ਤੇ ਰਾਹਗੀਰਾਂ ਮੁਤਾਬਕ ਦਿਨ ਵੇਲੇ ਤਾਂ ਫਿਰ ਵੀ ਬਚਾਅ ਹੋ ਜਾਂਦਾ ਹੈ ਪਰ ਰਾਤ ਦੇ ਹਨੇਰੇ ਵਿਚ ਇਹ ਪਸ਼ੂ ਸੜਕਾਂ 'ਤੇ ਮੌਤ ਦਾ ਕਾਲ ਬਣ ਜਾਂਦੇ ਹਨ | ਇਸ ਸਮੱਸਿਆ ਨੂੰ ਲੈ ਕੇ ਸ਼ਹਿਰ ਵਾਸੀਆਂ 'ਚ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸੰਬੰਧੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਵਲੋਂ ਹਰ ਛੋਟੀ-ਵੱਡੀ ਚੀਜ਼ 'ਤੇ 'ਕਾਊ ਸੈੱਸ' (ਗਊ ਟੈਕਸ) ਵਸੂਲਿਆ ਜਾਂਦਾ ਹੈ ਪਰ ਜਨਤਾ ਦੀ ਜੇਬ 'ਚੋਂ ਕਰੋੜਾਂ ਰੁਪਏ ਇਕੱਠੇ ਕਰਨ ਦੇ ਬਾਵਜੂਦ ਇਨ੍ਹਾਂ ਪਸ਼ੂਆਂ ਲਈ ਕੋਈ ਠੋਸ ਪ੍ਰਬੰਧ ਨਹੀਂ ਕੀਤੇ ਗਏ | ਲੋਕਾਂ ਨੇ ਸਵਾਲ ਚੁੱਕਿਆ ਕਿ ਜੇਕਰ ਟੈਕਸ ਦੇਣ ਤੋਂ ਬਾਅਦ ਵੀ ਸੜਕਾਂ ਨੇ ਹੀ 'ਗਊਸ਼ਾਲਾ' ਬਣਨਾ ਹੈ ਤਾਂ ਇਸ ਟੈਕਸ ਦੀ ਵਸੂਲੀ ਕਿਸ ਲਈ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸੜਕਾਂ 'ਤੇ ਪਸ਼ੂਆਂ ਦੇ ਆਪਸੀ ਭਿੜਨ ਕਾਰਨ ਕਈ ਵਾਰ ਦੁਕਾਨਾਂ ਦਾ ਨੁਕਸਾਨ ਹੁੰਦਾ ਹੈ ਤੇ ਇਥੋਂ ਲੰਘਣ ਵਾਲੇ ਰਾਹਗੀਰ ਵੀ ਜ਼ਖਮੀ ਹੁੰਦੇ ਹਨ | ਉਨ੍ਹਾਂ ਕਿਹਾ ਕਿ ਇਸ ਸਭ ਤੋਂ ਪ੍ਰਸ਼ਾਸਨ ਕਿਸੇ ਵੱਡੇ ਜਾਨੀ ਨੁਕਸਾਨ ਦੀ ਉਡੀਕ ਕਰ ਰਿਹਾ ਪ੍ਰਤੀਤ ਹੁੰਦਾ ਹੈ | ਸ਼ਹਿਰ ਦੀਆਂ ਸਮਾਜਿਕ ਜਥੇਬੰਦੀਆਂ ਤੇ ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਬੇਸਹਾਰਾ ਪਸ਼ੂਆਂ ਨੂੰ ਤੁਰੰਤ ਫੜ੍ਹ ਕੇ ਸਰਕਾਰੀ ਜਾਂ ਨਿੱਜੀ ਗਊਸ਼ਾਲਾਵਾਂ ਵਿਚ ਸ਼ਿਫਟ ਕੀਤਾ ਜਾਵੇ ਤੇ ਪਸ਼ੂਆਂ ਨੂੰ ਦੁੱਧ ਚੋਣ ਤੋਂ ਬਾਅਦ ਸੜਕਾਂ 'ਤੇ ਲਾਵਾਰਿਸ ਛੱਡਣ ਵਾਲੇ ਪਸ਼ੂ ਪਾਲਕਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ 'ਤੇ ਭਾਰੀ ਜੁਰਮਾਨੇ ਕੀਤੇ ਜਾਣ | ਉਨ੍ਹਾਂ ਕਿਹਾ ਕਿ ਜਦੋਂ ਤੱਕ ਇਸ ਸਮੱਸਿਆ ਦਾ ਕੋਈ ਪੱਕਾ ਹੱਲ ਨਹੀਂ ਹੁੰਦਾ, ਉਦੋਂ ਤੱਕ ਹਾਦਸੇ ਰੋਕਣ ਲਈ ਪਸ਼ੂਆਂ ਦੇ ਗਲ਼ਾਂ ਵਿਚ ਰਿਫਲੈਕਟਰ ਬੈਂਡ ਪਾਏ ਜਾਣ |

ਪਿਛਲੀ ਖ਼ਬਰ ਨੀਟ ਦਾ ਪੇਪਰ ਲੀਕ ਹੋਣ ਅਤੇ ਤੇਲ ਦੀਆਂ ਕੀਮਤਾਂ 'ਚ ਵਾਧੇ ਨੂੰ ਲੈ ਕੇ ਕਾਂਗਰਸ ਵਲੋਂ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਈਕੋ ਸਿਟੀ-2 ਨਿਊ ਚੰਡੀਗੜ੍ਹ ਦੇ ਚੱਲ ਰਹੇ ਵਿਕਾਸ ਕਾਰਜਾਂ ਦਾ ਗਮਾਡਾ ਦੀ ਟੀਮ ਵਲੋਂ ਜਾਇਜ਼ਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।