ਐੱਸ. ਏ. ਐੱਸ. ਨਗਰ, 4 ਜੂਨ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਕਿ੍ਕਟ ਐਸੋਸੀਏਸ਼ਨ (ਪੀ. ਸੀ. ਏ.) ਦੀ ਟੀਮ ਨੇ ਉੱਤਰਾਖੰਡ ਵਿਚ ਚੱਲ ਰਹੇ 42ਵੇਂ ਆਲ ਇੰਡੀਆ ਉੱਤਰਾਖੰਡ ਗੋਲਡ ਕੱਪ ਕਿ੍ਕਟ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਈਸਟ ਦਿੱਲੀ ਰਾਈਡਰਜ਼ ਨੂੰ 210 ਦੌੜਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ ਸੈਮੀਫਾਈਨਲ ਵਿਚ ਆਪਣੀ ਥਾਂ ਪੱਕੀ ਕਰ ਲਈ ਹੈ | ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਨੇ 50 ਓਵਰਾਂ 'ਚ 305 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ ਸੀ | ਪੰਜਾਬ ਦੇ ਬੱਲੇਬਾਜ਼ ਰਾਹੁਲ ਕੁਮਾਰ ਨੇ 109 ਗੇਂਦਾਂ 'ਚ 15 ਚੌਕਿਆਂ ਤੇ 5 ਛੱਕਿਆਂ ਦੀ ਮਦਦ ਨਾਲ 139 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਜਦਕਿ ਰੇਵਨ ਪ੍ਰੀਤ ਸਿੰਘ ਨੇ 81 ਦੌੜਾਂ ਦੀ ਮਹੱਤਵਪੂਰਨ ਪਾਰੀ ਖੇਡ ਕੇ ਉਨ੍ਹਾਂ ਦਾ ਭਰਪੂਰ ਸਾਥ ਦਿੱਤਾ | ਪੰਜਾਬ ਵਲੋਂ ਦਿੱਤੇ 306 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਮੈਦਾਨ 'ਚ ਉਤਰੀ ਈਸਟ ਦਿੱਲੀ ਰਾਈਡਰਜ਼ ਦੀ ਟੀਮ ਪੰਜਾਬ ਦੇ ਗੇਂਦਬਾਜ਼ਾਂ ਅੱਗੇ ਟਿਕ ਨਹੀਂ ਸਕੀ ਤੇ 26.3 ਓਵਰਾਂ 'ਚ ਸਿਰਫ਼ 95 ਦੌੜਾਂ 'ਤੇ ਹੀ ਆਲ ਆਊਟ ਹੋ ਗਈ | ਪੰਜਾਬ ਦੇ ਗੇਂਦਬਾਜ਼ ਇਮਾਨਜੋਤ ਸਿੰਘ ਚਾਹਲ ਨੇ 4 ਵਿਕਟਾਂ, ਕਾਰਤਿਕ ਚੱਢਾ ਨੇ 3 ਵਿਕਟਾਂ ਜਦਕਿ ਦਮਨਪ੍ਰੀਤ ਸਿੰਘ ਤੇ ਮਨਪ੍ਰੀਤ ਸੰਧੂ ਨੇ 1-1 ਵਿਕਟ ਹਾਸਿਲ ਕੀਤੀ | ਇਸ ਸ਼ਾਨਦਾਰ ਜਿੱਤ ਨਾਲ ਪੰਜਾਬ ਕਿ੍ਕਟ ਐਸੋਸੀਏਸ਼ਨ ਨੇ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਥਾਂ ਬਣਾ ਲਈ ਹੈ ਜਿਥੇ ਕਿ 5 ਜੂਨ ਨੂੰ ਉਸ ਦਾ ਮੁਕਾਬਲਾ ਤਿ੍ਪੁਰਾ ਨਾਲ ਹੋਵੇਗਾ | ਪੀ. ਸੀ. ਏ. ਦੇ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ, ਜੋ ਕਿ ਮੈਚ 'ਤੇ ਲਗਾਤਾਰ ਨਜ਼ਰ ਰੱਖ ਰਹੇ ਸਨ, ਨੇ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਭਰਪੂਰ ਸ਼ਲਾਘਾ ਕੀਤੀ | ਉਨ੍ਹਾਂ ਖਿਡਾਰੀਆਂ ਤੇ ਸਹਿਯੋਗੀ ਸਟਾਫ਼ ਨੂੰ ਇਸ ਵੱਡੀ ਜਿੱਤ ਲਈ ਵਧਾਈ ਦਿੰਦਿਆਂ ਆਉਣ ਵਾਲੇ ਮੈਚਾਂ 'ਚ ਵੀ ਇਸੇ ਜਜ਼ਬੇ ਤੇ ਮਿਹਨਤ ਨੂੰ ਬਰਕਰਾਰ ਰੱਖਣ ਦੀ ਤਾਕੀਦ ਕੀਤੀ |