28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਨਸ਼ਾ ਵੇਚਣ ਤੋਂ ਰੋਕਣ 'ਤੇ ਨੌਜਵਾਨ ਤੇ ਉਸ ਦੇ ਪਿਤਾ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ <br/>

ਅਜੀਤ ਡੈਸਕ 05-06-2026
ਐੱਸ. ਏ. ਐੱਸ. ਨਗਰ, 4 ਜੂਨ (ਕਪਿਲ ਵਧਵਾ)-ਮੁਹਾਲੀ ਦੇ ਪਿੰਡ ਜਗਤਪੁਰਾ ਵਿਖੇ ਕਥਿਤ ਤੌਰ 'ਤੇ ਨਸ਼ਾ ਵੇਚਣ ਤੋਂ ਰੋਕਣ ਨੂੰ ਲੈ ਕੇ ਇਕ ਨੌਜਵਾਨ ਅਤੇ ਉਸ ਦੇ ਪਿਤਾ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਹਮਲੇ ਵਿਚ ਜ਼ਖ਼ਮੀ ਹੋਏ ਨੌਜਵਾਨ ਨੇ ਇਲਾਜ ਵਿਚ ਦੇਰੀ ਕਰਨ ਦੇ ਦੋਸ਼ ਵੀ ਹਸਪਤਾਲ ਪ੍ਰਬੰਧਨ 'ਤੇ ਲਗਾਏ ਹਨ | ਪਿੰਡ ਜਗਤਪੁਰਾ ਦੇ ਰਹਿਣ ਵਾਲੇ 22 ਸਾਲਾ ਜਤਿਨ ਗੁੱਜਰ ਨੇ ਦੱਸਿਆ ਕਿ ਵੀਰਵਾਰ ਸ਼ਾਮ ਨੂੰ ਉਸ ਨੇ ਕੁਝ ਵਿਅਕਤੀਆਂ, ਜੋ ਕਿ ਉਸ ਅਨੁਸਾਰ ਪ੍ਰਵਾਸੀ ਮਜ਼ਦੂਰ ਜਾਪਦੇ ਸਨ, ਨੂੰ ਪਿੰਡ ਵਿਚ ਚਿੱਟਾ ਵੇਚਣ ਤੋਂ ਰੋਕਿਆ ਸੀ | ਇਸ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਤਕਰਾਰ ਹੋ ਗਈ | ਉਸ ਦਾ ਦੋਸ਼ ਹੈ ਕਿ ਤਕਰਾਰ ਦੌਰਾਨ ਇਕ ਵਿਅਕਤੀ ਤੇਜ਼ਧਾਰ ਹਥਿਆਰ ਲੈ ਕੇ ਆਇਆ ਅਤੇ ਉਸ ਅਤੇ ਉਸ ਦੇ ਪਿਤਾ 'ਤੇ ਹਮਲਾ ਕਰ ਦਿੱਤਾ | ਹਾਲਾਂਕਿ ਇਸ ਦੌਰਾਨ ਦੋਵਾਂ ਧਿਰਾਂ ਵਿਚਕਾਰ ਖ਼ੂਨੀ ਝੜਪ ਹੋਈ ਅਤੇ ਜਤਿਨ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਹਮਲੇ ਦੌਰਾਨ ਸੈਲਫ ਡਿਫੈਂਸ ਕਰਨ ਦੀ ਕੋਸ਼ਿਸ਼ ਕੀਤੀ | ਇਸ ਦੌਰਾਨ ਜਤਿਨ ਗੁੱਜਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਅਤੇ ਉਸ ਦੇ ਸਰੀਰ 'ਤੇ ਗੰਭੀਰ ਸੱਟਾਂ ਲੱਗੀਆਂ | ਜ਼ਖ਼ਮੀ ਹਾਲਤ ਵਿਚ ਉਸ ਨੂੰ ਮੁਹਾਲੀ ਦੇ ਫੇਜ਼-6 ਸਥਿਤ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੇ ਕਿ ਉਸ ਨੇ ਦੋਸ਼ ਲਗਾਇਆ ਕਿ ਉਸ ਨੂੰ ਇਲਾਜ ਲਈ ਕਰੀਬ ਤਿੰਨ ਘੰਟੇ ਤੱਕ ਉਡੀਕ ਕਰਨੀ ਪਈ | ਪੀੜਤ ਨੌਜਵਾਨ ਅਨੁਸਾਰ ਹਸਪਤਾਲ ਸਟਾਫ਼ ਨੇ ਦੱਸਿਆ ਕਿ ਜ਼ਖ਼ਮਾਂ 'ਤੇ ਟਾਂਕੇ ਲਗਾਉਣ ਲਈ ਸਰਜਰੀ ਵਿਭਾਗ ਦੇ ਡਾਕਟਰ ਦੀ ਲੋੜ ਸੀ, ਜੋ ਕਿ ਉਸ ਸਮੇਂ ਮੌਕੇ 'ਤੇ ਮੌਜੂਦ ਨਹੀਂ ਸੀ | ਉਸ ਨੂੰ ਹਸਪਤਾਲ ਵਿਖੇ ਮੌਜੂਦ ਨਰਸਿੰਗ ਸਟਾਫ਼ ਵਲੋਂ ਇਹ ਵੀ ਕਿਹਾ ਗਿਆ ਕਿ ਅਪਰਾਧਿਕ ਮਾਮਲਿਆਂ 'ਚ ਮੈਡੀਕੋ-ਲੀਗਲ ਰਿਪੋਰਟ (ਐੱਮ. ਐੱਲ. ਆਰ.) ਤਿਆਰ ਹੋਣ ਤੋਂ ਬਾਅਦ ਹੀ ਇਲਾਜ ਦੀ ਅਗਲੇਰੀ ਕਾਰਵਾਈ ਕੀਤੀ ਜਾ ਸਕਦੀ ਹੈ | ਮਾਮਲੇ ਦੀ ਜਾਂਚ ਕਰ ਰਹੀ ਥਾਣਾ ਸੋਹਾਣਾ ਦੀ ਪੁਲਿਸ ਨੇ ਘਟਨਾ ਸਥਾਨ ਦਾ ਦੌਰਾ ਕੀਤਾ | ਪੁਲਿਸ ਅਧਿਕਾਰੀਆਂ ਨੇ ਗੱਲਬਾਤ ਕਰਦਿਆਂ ਭਰੋਸਾ ਦਿੱਤਾ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਨੂੰ ਜਲਦ ਗਿ੍ਫ਼ਤਾਰ ਕੀਤਾ ਜਾਵੇਗਾ | ਖ਼ਬਰ ਲਿਖੇ ਜਾਣ ਤੱਕ ਜ਼ਖ਼ਮੀ ਨੌਜਵਾਨ ਦਾ ਫੇਜ਼-6 ਸਥਿਤ ਸਿਵਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਸੀ | ਉਧਰ ਪੁਲਿਸ ਦਾ ਕਹਿਣਾ ਹੈ ਕਿ ਪੀੜਤ ਵਲੋਂ ਲਗਾਏ ਗਏ ਸਾਰੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |


ਪਿਛਲੀ ਖ਼ਬਰ ਸਾਲ 2025-26 ਦੌਰਾਨ ਬਿਸਤ-ਦੋਆਬ ਨਹਿਰੀ ਨੈੱਟਵਰਕ ਹੇਠ ਸਿੰਜਾਈ ਅਧੀਨ ਰਕਬੇ 'ਚ ਹੋਇਆ 167 ਫੀਸਦੀ ਵਾਧਾ - ਬਰਿੰਦਰ ਕੁਮਾ... ਅਗਲੀ ਖ਼ਬਰ ਬਿਜਲੀ ਨਿੱਜੀਕਰਨ ਤੇ ਸਮਾਰਟ ਮੀਟਰ ਵਿਰੁੱਧ ਦੇਸ਼ ਵਿਆਪੀ ਅੰਦੋਲਨ ਸ਼ੁਰੂ ਕੀਤਾ ਜਾਵੇਗਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।