ਚੰਡੀਗੜ, 6 ਜੂਨ (ਸੁਖਵਿੰਦਰ ਸਿੰਘ ਸ਼ਾਨ)- ਯੂ.ਟੀ. ਪ੍ਰਸ਼ਾਸਨ ਚੰਡੀਗੜ ਦੇ ਸਰਕਾਰੀ ਸਕੂਲਾਂ ਵਿਚ ਪ੍ਰੀ-ਪ੍ਰਾਇਮਰੀ ਤੋਂ ਲੈ ਕੇ 8ਵੀਂ ਜਮਾਤਾਂ ਤੱਕ ਦੇ ਵਿਦਿਆਰਥੀਆਂ ਤੋਂ ਕੋਈ ਵੀ ਫ਼ੀਸ ਨਹੀਂ ਲਈ ਜਾਂਦੀ ਅਤੇ ਨਾ ਹੀ ਸਕੂਲਾਂ ਵਿਚ ਕੋਈ ਲੇਟ ਫ਼ੀਸ ਲਈ ਜਾਂਦੀ ਹੈ | ਇਹ ਪ੍ਰਗਟਾਵਾ ਸਕੂਲ ਸਿੱਖਿਆ ਨਿਰਦੇਸ਼ਕ ਨਿਤੀਸ਼ ਸਿੰਗਲਾ ਨੇ ਸਿੱਖਿਆ ਅਧਿਕਾਰੀਆਂ ਤੇ ਪਿੰ੍ਰਸੀਪਲਾਂ ਨਾਲ ਉੱਚ ਪੱਧਰੀ ਮੀਟਿੰਗ ਕਰਨ ਸਮੇਂ ਕੀਤਾ | ਇਹ ਮੀਟਿੰਗ ਸਰਕਾਰੀ ਸਕੂਲਾਂ ਵਿਚ ਐਸ.ਐਮ.ਆਈ.ਐਸ. ਫ਼ੀਸ ਪੋਰਟਲ, ਤਕਨੀਕੀ ਸਹੂਲਤਾਂ ਲਾਗੂ ਕਰਨ ਤੇ ਮਾਪਿਆਂ ਦੀ ਸਹੂਲਤ ਲਈ ਕੀਤੇ ਜਾ ਰਹੇ ਪ੍ਰਬੰਧਾਂ ਦੀ ਸਮੀਖਿਆ ਕਰਨ ਲਈ ਕੀਤੀ ਗਈ ਸੀ | ਮੀਟਿੰਗ ਦੌਰਾਨ ਨਿਤੀਸ਼ ਸਿੰਗਲਾ ਨੇ ਸਾਰੇ ਸਰਕਾਰੀ ਸਕੂਲ ਮੁਖੀਆਂ ਨੂੰ ਮਾਪਿਆਂ ਦੀ ਸਹਾਇਤਾ ਲਈ ਸਮਰਪਿਤ ਐਸ.ਐਮ.ਆਈ.ਐੱਸ. ਹੈਲਪ ਡੈਸਕ ਸਥਾਪਤ ਕਰਨ ਦੇ ਨਿਰਦੇਸ਼ ਦਿੱਤੇ | ਇਹ ਹੈਲਪ ਡੈਸਕ ਫ਼ੀਸ ਭੁਗਤਾਨ, ਰਜਿਸਟਰੇਸ਼ਨ, ਮੁੜ-ਤਸਦੀਕ ਤੇ ਹੋਰ ਪੋਰਟਲ-ਸਬੰਧਤ ਮਾਮਲਿਆਂ ਵਿਚ ਸਹਾਇਤਾ ਪ੍ਰਦਾਨ ਕਰਨਗੇ | ਕਿਸੇ ਵੀ ਸਹਾਇਤਾ ਦੀ ਲੋੜ ਵਾਲੇ ਮਾਪੇ ਆਪਣੇ ਸਬੰਧਤ ਸਕੂਲਾਂ ਨਾਲ ਸੰਪਰਕ ਕਰ ਸਕਦੇ ਹਨ ਜਿੱਥੇ ਨਿਰਧਾਰਿਤ ਸਟਾਫ਼ ਉਨਾਂ ਨੂੰ ਜ਼ਰੂਰੀ ਮਾਰਗ ਦਰਸ਼ਨ ਅਤੇ ਸਹਾਇਤਾ ਪ੍ਰਦਾਨ ਕਰੇਗਾ | ਫ਼ੀਸ ਭੁਗਤਾਨ ਸੰਬੰਧੀ ਪੇਸ਼ ਆਈਆਂ ਚਿੰਤਾਵਾਂ ਬਾਰੇ ਸਿੰਗਲਾ ਨੇ ਸਪਸ਼ਟ ਕੀਤਾ ਕਿ ਸਰਕਾਰੀ ਸਕੂਲਾਂ ਵਿਚ ਲੇਟ ਫ਼ੀਸਾਂ ਦਾ ਕੋਈ ਪ੍ਰਬੰਧ ਨਹੀਂ ਹੈ ਤੇ ਮਾਪਿਆਂ ਨੂੰ ਕਿਸੇ ਵੀ ਲੇਟ ਫ਼ੀਸ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ | ਉਨਾਂ ਕਿਹਾ ਕਿ ਮਾਪਿਆਂ ਨੂੰ ਫ਼ੀਸ ਭੁਗਤਾਨ ਵਿਚ ਪੂਰੀ ਲਚਕਤਾ ਦਿੱਤੀ ਜਾਂਦੀ ਹੈ ਤੇ ਮਾਪੇ ਆਪਣੀ ਸਹੂਲਤ ਅਨੁਸਾਰ ਮਹੀਨਾਵਾਰ, ਤਿਮਾਹੀ, ਸਾਲਾਨਾ ਜਾਂ ਕਿਸੇ ਵੀ ਸਮੇਂ ਲਈ ਭੁਗਤਾਨ ਕਰ ਸਕਦੇ ਹਨ | ਮੀਟਿੰਗ ਵਿਚ ਡਿਜੀਟਲ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਲੰਬੇ ਸਮੇਂ ਦੇ ਸੁਧਾਰਾਂ 'ਤੇ ਵੀ ਚਰਚਾ ਕੀਤੀ ਗਈ | ਭਵਿੱਖ 'ਚ ਪ੍ਰਕਿਰਿਆ ਨੂੰ ਹੋਰ ਸਰਲ, ਪਹੁੰਚਯੋਗ ਤੇ ਉਪਭੋਗਤਾ-ਅਨੁਕੂਲ ਬਣਾਉਣ ਲਈ ਫ਼ੀਸ ਨਾਲ ਸਬੰਧਤ ਸੇਵਾਵਾਂ ਨੂੰ ਸੰਪਰਕ ਪਲੇਟਫ਼ਾਰਮ ਨਾਲ ਜੋੜਨ ਦੇ ਯਤਨ ਕੀਤੇ ਜਾ ਰਹੇ ਹਨ | ਤਕਨੀਕੀ ਵਰਤੋਂ ਨਾਲ ਅਧਿਆਪਕਾਂ ਨੂੰ ਪੜਾਉਣ ਲਿਖਾਉਣ ਅਤੇ ਹੋਰ ਗਤੀਵਿਧੀਆਂ ਲਈ ਵਧੇਰੇ ਸਮਾਂ ਮਿਲੇਗਾ |