ਚੰਡੀਗੜ੍ਹ, 9 ਜੂਨ (ਰਾਮ ਸਿੰਘ ਬਰਾੜ) - ਹਰਿਆਣਾ ਲਈ ਮਾਣ ਵਾਲੀ ਗੱਲ ਹੈ ਕਿ ਹਰਿਆਣਾ ਵਿਧਾਨ ਸਭਾ ਨੂੰ ਪਹਿਲੀ ਵਾਰ ਰਾਸ਼ਟਰ ਮੰਡਲ ਸੰਸਦੀ ਐਸੋਸੀਏਸ਼ਨ ਦੇ ਭਾਰਤ ਖੇਤਰ ਉੱਤਰੀ ਜ਼ੋਨ-2 ਕਾਨਫ਼ਰੰਸ ਦੀ ਮੇਜ਼ਬਾਨੀ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ | ਦੇਸ਼ ਭਰ ਦੇ ਵੱਖ-ਵੱਖ ਰਾਜਾਂ ਦੇ ਪ੍ਰਧਾਨ ਅਧਿਕਾਰੀ ਅਤੇ ਸੀਨੀਅਰ ਜਨ ਪ੍ਰਤੀਨਿਧੀ 8 ਤੋਂ 10 ਜੂਨ ਤੱਕ ਚੰਡੀਗੜ੍ਹ ਵਿਚ ਹੋਣ ਵਾਲੇ ਇਸ ਮਹੱਤਵਪੂਰਨ ਕਾਨਫ਼ਰੰਸ ਵਿਚ ਹਿੱਸਾ ਲੈਣਗੇ | ਇਸ ਕਾਨਫ਼ਰੰਸ ਦੀ ਪ੍ਰਧਾਨਗੀ ਲੋਕ ਸਭਾ ਸਪੀਕਰ ਓਮ ਬਿਰਲਾ ਕਰਨਗੇ | ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰੀਵੰਸ਼, ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼, ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਹੋਰ ਵਿਸ਼ੇਸ਼ ਮਹਿਮਾਨ ਵੀ ਹਿੱਸਾ ਲੈਣਗੇ | ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੂੰ ਵੀ ਕਾਨਫ਼ਰੰਸ ਵਿਚ ਸੱਦਾ ਦਿੱਤਾ ਗਿਆ ਹੈ | ਦੇਸ਼ ਦੇ ਅੱਧੇ ਤੋਂ ਵੱਧ ਰਾਜਾਂ ਦੀਆਂ ਵਿਧਾਨ ਸਭਾਵਾਂ ਨੇ ਇਸ ਕਾਨਫ਼ਰੰਸ ਵਿਚ ਹਿੱਸਾ ਲੈਣ ਲਈ ਸਹਿਮਤੀ ਦਿੱਤੀ ਹੈ | ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ ਨਿੱਜੀ ਤੌਰ 'ਤੇ ਕਾਨਫ਼ਰੰਸ ਦੀਆਂ ਤਿਆਰੀਆਂ ਦੀ ਨਿਯਮਿਤ ਤੌਰ 'ਤੇ ਸਮੀਖਿਆ ਕਰ ਰਹੇ ਹਨ | ਉਨ੍ਹਾਂ ਨੇ ਸਥਾਨਾਂ, ਰਿਹਾਇਸ਼, ਆਵਾਜਾਈ, ਸੁਰੱਖਿਆ, ਪ੍ਰੋਟੋਕੋਲ, ਮੀਡੀਆ ਪ੍ਰਬੰਧਨ ਤੇ ਮਹਿਮਾਨ ਨਿਵਾਜ਼ੀ ਦੇ ਪ੍ਰਬੰਧਾਂ ਦਾ ਚੰਗੀ ਤਰ੍ਹਾਂ ਨਿਰੀਖਣ ਕੀਤਾ ਹੈ | ਵਿਧਾਨਸਭਾ ਦੇ ਸਪੀਕਰ ਨੇ ਹਾਲ ਹੀ ਵਿਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਵੀ ਮੁਲਾਕਾਤ ਕੀਤੀ ਅਤੇ ਕਾਨਫ਼ਰੰਸ ਦੀਆਂ ਤਿਆਰੀਆਂ ਬਾਰੇ ਵਿਸਥਾਰ ਵਿਚ ਚਰਚਾ ਕੀਤੀ |