ਲਾਲੜੂ, 9 ਜੂਨ (ਰਾਜਬੀਰ ਸਿੰਘ)-ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਹਿੱਸੇ ਵਜੋਂ ਲਾਲੜੂ ਪੁਲਿਸ ਨੇ ਦੋ ਵਿਅਕਤੀਆਂ ਨੂੰ 12 ਕਿੱਲੋ ਅਫ਼ੀਮ ਸਮੇਤ ਕਾਬੂ ਕੀਤਾ ਹੈ | ਪੁਲਿਸ ਨੇ ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਦਿਨੇਸ਼ ਕੁਮਾਰ ਸੁਮਨ ਅਤੇ ਰੂਪ ਚੰਦ ਵਾਸੀਆਨ ਜ਼ਿਲਾ ਝਾਲਾਵਾੜ (ਰਾਜਸਥਾਨ) ਵਜੋਂ ਹੋਈ ਦੱਸੀ ਹੈ | ਥਾਣਾ ਮੁਖੀ ਲਾਲੜੂ ਇੰਸਪੈਕਟਰ ਯੋਗੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਨਾਲ ਗਸ਼ਤ ਕਰਦੇ ਸਮੇਂ ਜਿਵੇਂ ਹੀ ਉਹ ਅੰਬਾਲਾ-ਚੰਡੀਗੜ ਮੁੱਖ ਮਾਰਗ 'ਤੇ ਪਿੰਡ ਝਾਰਮੜੀ ਦੇ ਬੱਸ ਅੱਡੇ 'ਤੇ ਪੁੱਜੇ ਤਾਂ 2 ਵਿਅਕਤੀ ਹੱਥਾਂ 'ਚ ਬੈਗ ਲੈ ਕੇ ਖੜੇ ਦਿਖਾਈ ਦਿੱਤੇ, ਜੋ ਕਿ ਪੁਲਿਸ ਟੀਮ ਨੂੰ ਦੇਖ ਕੇ ਡਰ ਗਏ ਅਤੇ ਪਿੰਡ ਸਰਸੀਣੀ ਵੱਲ ਫ਼ਰਾਰ ਹੋਣ ਲੱਗੇ | ਇਸੇ ਦੌਰਾਨ ਸ਼ੱਕ ਹੋਣ 'ਤੇ ਪੁਲਿਸ ਨੇ ਉਨਾਂ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਕਥਿਤ ਤੌਰ ਤੇ ਦਿਨੇਸ਼ ਕੁਮਾਰ ਦੇ ਬੈਗ 'ਚੋਂ 8 ਕਿੱਲੋ ਅਤੇ ਰੂਪ ਚੰਦ ਦੇ ਬੈਗ 'ਚੋਂ 4 ਕਿੱਲੋ ਅਫ਼ੀਮ ਬਰਾਮਦ ਹੋਈ | ਉਨਾਂ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਉਨਾਂ ਨੂੰ ਗਿ੍ਫ਼ਤਾਰ ਕਰ ਲਿਆ | ਥਾਣਾ ਮੁਖੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਿਆ ਕਿ ਦਿਨੇਸ਼ ਦੇ ਖ਼ਿਲਾਫ਼ ਚੰਡੀਗੜ 'ਚ ਐਨ. ਡੀ. ਪੀ. ਐਸ. ਐਕਟ ਦੀਆਂ ਧਾਰਾਵਾਂ ਤਹਿਤ ਪਹਿਲਾਂ ਹੀ ਮਾਮਲਾ ਦਰਜ ਹੈ | ਉਨਾਂ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੂੰ ਡੇਰਾਬੱਸੀ ਦੀ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਉਨਾਂ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ |