25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਹਲਕਾ ਖਰੜ 'ਚ ਲਿੰਕ ਸੜਕਾਂ ਦੀ ਤਰਸਯੋਗ ਹਾਲਤ ਕਾਰਨ ਲੋਕ ਪ੍ਰੇਸ਼ਾਨ <br/>

ਅਜੀਤ ਡੈਸਕ 10-06-2026
ਮੁੱਲਾਂਪੁਰ ਗਰੀਬਦਾਸ, 9 ਜੂਨ (ਦਿਲਬਰ ਸਿੰਘ ਖੈਰਪੁਰ)- ਇਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਸੂਬਾ ਸਰਕਾਰ ਵਲੋਂ ਵੱਡੇ-ਵੱਡੇ ਹੋਰਡਿੰਗਜ਼ ਲਗਾ ਕੇ 45 ਹਜ਼ਾਰ ਕਿੱਲੋਮੀਟਰ ਸੜਕਾਂ ਦੇ ਨਵੀਨੀਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਹਲਕਾ ਖਰੜ ਦੇ ਜ਼ਿਆਦਾਤਰ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ | ਇਸ ਤਰ੍ਹਾਂ ਮੁੱਖ ਮਾਰਗਾਂ 'ਤੇ ਲੱਗੇ ਸਰਕਾਰ ਦੇ ਮਸ਼ਹੂਰੀ ਵਾਲੇ ਬੋਰਡਾਂ ਤੋਂ ਹਕੀਕਤ ਕੋਹਾਂ ਦੂਰ ਨਜ਼ਰ ਆ ਰਹੀ ਹੈ | ਇਸ ਸੰਬੰਧ 'ਚ ਗੱਲਬਾਤ ਕਰਦਿਆਂ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਸੰਮਤੀ ਮੈਂਬਰ ਸਰਬਜੀਤ ਸਿੰਘ ਕਾਦੀਮਾਜਰਾ ਨੇ ਕਿਹਾ ਕਿ ਬੇਸ਼ੱਕ ਪੰਜਾਬ 'ਚ ਸੜਕਾਂ ਦਾ ਨਵੀਨੀਕਰਨ ਹੋਇਆ ਹੋਵੇਗਾ, ਪਰ ਹਲਕਾ ਖਰੜ ਦੇ ਵਸਨੀਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਅਜਿਹਾ ਕੀ ਮਾੜਾ ਕੀਤਾ ਕਿ ਹਲਕੇ ਦੀਆਂ ਲਿੰਕ ਸੜਕਾਂ ਦੀ ਤਰਸਯੋਗ ਹਾਲਤ ਨੂੰ ਸਰਕਾਰ ਵਲੋਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ 'ਆਪ' ਦੀ ਹਲਕਾ ਖਰੜ ਤੋਂ ਵਿਧਾਇਕਾ ਅਨਮੋਲ ਗਗਨ ਮਾਨ ਨੂੰ ਸਮੇਂ-ਸਮੇਂ ਸਿਰ ਵੱਖ-ਵੱਖ ਪਿੰਡਾਂ ਦੇ ਪੰਚ-ਸਰਪੰਚ ਤੇ ਪਤਵੰਤੇ ਵਫ਼ਦ ਦੇ ਰੂਪ 'ਚ ਮਿਲ ਕੇ ਸੜਕਾਂ ਦੀ ਮਾੜੀ ਹਾਲਤ ਦਾ ਰੋਣਾ ਰੋ ਚੁੱਕੇ ਹਨ ਪਰ ਸਰਕਾਰ ਦੀ ਸਵੱਲੀ ਨਜ਼ਰ ਨਹੀਂ ਪੈ ਰਹੀ | ਅਕਾਲੀ ਆਗੂ ਸਰਬਜੀਤ ਸਿੰਘ ਅਨੁਸਾਰ ਪਿੰਡ ਕਾਦੀਮਾਜਰਾ ਤੋਂ ਨਗਲੀਆਂ, ਖੈਰਪੁਰ, ਸ਼ੇਖਪੁਰਾ, ਸੋਹਾਲੀ ਤੇ ਅੱਲ੍ਹਾਪੁਰ ਆਦਿ ਪਿੰਡਾਂ ਨੂੰ ਹੋ ਕੇ ਖਰੜ, ਕੁਰਾਲੀ, ਨਿਊ ਚੰਡੀਗੜ੍ਹ ਤੇ ਮੁਹਾਲੀ ਨੂੰ ਜੋੜਨ ਵਾਲੀਆਂ ਲਿੰਕ ਸੜਕਾਂ ਦੀ ਹਾਲਤ ਬੱਦ ਤੋਂ ਬੱਦਤਰ ਹੋਈ ਪਈ ਹੈ | ਬਹੁਤ ਸਾਰੇ ਪਿੰਡਾਂ ਦੀਆਂ ਸੜਕਾਂ 'ਤੇ ਮਿੱਟੀ ਤੇ ਗਟਕਾ ਪਾ ਕੇ ਸਿਰਫ ਖਾਨਾਪੂਰਤੀ ਕੀਤੀ ਗਈ ਹੈ ਜਿਸ ਨਾਲ ਆਵਾਜਾਈ ਪੱਖੋਂ ਲੋਕਾਂ ਦੀ ਪ੍ਰੇਸ਼ਾਨੀ ਹੋਰ ਵੀ ਵਧ ਗਈ ਹੈ | ਉਨ੍ਹਾਂ ਦੱਸਿਆ ਕਿ ਮੌਜੂਦਾ ਵਿਧਾਇਕਾ ਅਨਮੋਲ ਗਗਨ ਮਾਨ ਜਿਨ੍ਹਾਂ ਨੇ ਕਦੇ ਉਨ੍ਹਾਂ ਦੇ ਪਿੰਡਾਂ ਦਾ ਦੌਰਾ ਤੱਕ ਨਹੀਂ ਕੀਤਾ, ਨੂੰ ਲੋਕਾਂ ਨੇ ਬਦਲਾਅ ਦੀ ਆਸ ਨਾਲ ਭਾਰੀ ਬਹੁਮਤ ਨਾਲ ਜਿਤਾਇਆ ਸੀ | ਉਨ੍ਹਾਂ ਕਿਹਾ ਕਿ ਜੇਕਰ ਵਿਧਾਇਕਾ ਕਦੇ ਹਲਕੇ ਦੇ ਪਿੰਡਾਂ ਦਾ ਦੌਰਾ ਕਰਦੀ ਤਾਂ ਉਨ੍ਹਾਂ ਨੂੰ ਸੜਕਾਂ ਦੀ ਖਸਤਾ ਹਾਲਤ ਬਾਰੇ ਜਾਣਕਾਰੀ ਮਿਲਦੀ ਪਰ ਜਿੱਤਣ ਤੋਂ ਬਾਅਦ ਉਨ੍ਹਾਂ ਕਦੇ ਇਨ੍ਹਾਂ ਪਿੰਡਾਂ ਦੀ ਸਾਰ ਤੱਕ ਨਹੀਂ ਲਈ | ਇਸੇ ਦੌਰਾਨ ਸਰਬਜੀਤ ਸਿੰਘ ਕਾਦੀਮਾਜਰਾ ਸਮੇਤ ਚੇਅਰਮੈਨ ਮੇਜਰ ਸਿੰਘ ਸੰਗਤਪੁਰਾ, ਭਾਈ ਹਰਜੀਤ ਸਿੰਘ ਹਰਮਨ, ਡਾ. ਪਰਵਿੰਦਰ ਸਿੰਘ ਨਗਲੀਆਂ, ਸਤਵਿੰਦਰ ਸਿੰਘ ਸੁੱਖਾ, ਬਲਵੀਰ ਸਿੰਘ ਬਿੱਟੂ, ਨੰਬਰਦਾਰ ਤੇਜਿੰਦਰ ਸਿੰਘ ਫਾਟਵਾਂ ਤੇ ਹੋਰਨਾਂ ਪਤਵੰਤਿਆਂ ਨੇ 'ਆਪ' ਸਰਕਾਰ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਖੇਤਰ ਦੀਆਂ ਲਿੰਕ ਸੜਕਾਂ ਦੀ ਹਾਲਤ ਸੁਧਾਰੀ ਜਾਵੇ ਤਾਂ ਜੋ ਹਲਕਾ ਖਰੜ ਦੇ ਲੋਕਾਂ ਨੂੰ ਆਵਾਜਾਈ ਪੱਖੋਂ ਰਾਹਤ ਮਿਲ ਸਕੇ |

ਪਿਛਲੀ ਖ਼ਬਰ ਵਿਧਾਇਕ ਰੰਧਾਵਾ ਨੇ ਝਾੜੂ ਲਗਾ ਕੇ ਲੋਕਾਂ ਨੂੰ ਸਫ਼ਾਈ ਪ੍ਰਤੀ ਕੀਤਾ ਜਾਗਰੂਕ <br/> ਅਗਲੀ ਖ਼ਬਰ ਮੱਛਲੀ ਕਲਾਂ ਵਲੋਂ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੀ ਨਿਖੇਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।