ਐੱਸ. ਏ. ਐੱਸ. ਨਗਰ, 10 ਜੂਨ (ਪ੍ਰੋ. ਅਵਤਾਰ ਸਿੰਘ)-ਬਾਇਓਟੈਕਨਾਲੋਜੀ ਵਿਭਾਗ ਸੀ. ਸੀ. ਟੀ. ਸੀ. ਜੀ. ਸੀ. ਲਾਂਡਰਾਂ ਵਲੋਂ ਚੌਧਰੀ ਚਰਨ ਸਿੰਘ ਨੈਸ਼ਨਲ ਇੰਸਟੀਚਿਊਟ ਆਫ਼ ਐਗਰੀਕਲਚਰਲ ਮਾਰਕੀਟਿੰਗ (ਸੀ. ਸੀ. ਐਸ. ਐਨ. ਆਈ. ਏ. ਐਮ.) ਜੈਪੁਰ ਦੇ ਸਹਿਯੋਗ ਨਾਲ ਭਾਰਤ ਸਰਕਾਰ ਦੇ ਵੇਅਰਹਾਊਸਿੰਗ ਡਿਵੈਲਪਮੈਂਟ ਐਂਡ ਰੈਗੂਲੇਟਰੀ ਅਥਾਰਟੀ (ਡਬਲਿਊ. ਡੀ. ਆਰ. ਏ.) ਦੁਆਰਾ ਸਪਾਂਸਰ 'ਵੇਅਰਹਾਊਸਿੰਗ ਡਿਵੈਲਪਮੈਂਟ ਐਂਡ ਰੈਗੂਲੇਟਰੀ' ਵਿਸ਼ੇ 'ਤੇ ਇਕ ਰੋਜ਼ਾ ਜਾਗਰੂਕਤਾ ਅਤੇ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ 'ਚ ਜ਼ਿਲ੍ਹਾ ਮੁਹਾਲੀ ਦੇ 53 ਕਿਸਾਨਾਂ ਨੇ ਹਿੱਸਾ ਲੈਂਦਿਆਂ ਵਿਗਿਆਨਕ ਵੇਅਰਹਾਊਸਿੰਗ, ਵਾਢੀ ਤੋਂ ਬਾਅਦ ਪ੍ਰਬੰਧਨ, ਟਿਕਾਊ ਖੇਤੀਬਾੜੀ ਤੇ ਖੇਤੀ 'ਚ ਮੁੱਲ ਵਾਧੇ ਵਰਗੇ ਮਹੱਤਵਪੂਰਨ ਵਿਸ਼ਿਆਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ | ਇਸ ਦੌਰਾਨ ਡਾ. ਗੁਰਪ੍ਰੀਤ ਕੌਰ ਵਿਭਾਗ ਮੁਖੀ ਬਾਇਓਟੈਕਨਾਲੋਜੀ ਸੀ. ਸੀ. ਟੀ. ਸੀ. ਜੀ. ਸੀ. ਲਾਂਡਰਾਂ ਨੇ ਭਾਗੀਦਾਰਾਂ ਦਾ ਸਵਾਗਤ ਕਰਦਿਆਂ ਖੇਤੀਬਾੜੀ ਨਵੀਨਤਾ ਅਤੇ ਪੇਂਡੂ ਵਿਕਾਸ ਨੂੰ ਉਤਸ਼ਾਹਿਤ ਕਰਨ 'ਚ ਕਿਸਾਨ ਆਧਾਰਿਤ ਸਿਖਲਾਈ ਪ੍ਰੋਗਰਾਮਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਇਸ ਮੌਕੇ ਵਿਸ਼ੇਸ਼ ਮਹਿਮਾਨ ਡਾ. ਰਾਹੁਲ ਸਾਂਖਲਾ (ਸਲਾਹਕਾਰ ਸੀ. ਸੀ. ਐਸ. ਐਨ. ਆਈ. ਏ. ਐਮ. ਜੈਪੁਰ) ਨੇ ਵੇਅਰਹਾਊਸਿੰਗ ਡਿਵੈਲਪਮੈਂਟ ਐਂਡ ਰੈਗੂਲੇਸ਼ਨ 'ਤੇ ਮੁੱਖ ਤਕਨੀਕੀ ਸੈਸ਼ਨ ਦਾ ਸੰਚਾਲਨ ਕੀਤਾ | ਉਨ੍ਹਾਂ ਆਪਣੇ ਸੈਸ਼ਨ ਦੌਰਾਨ ਵਾਢੀ ਤੋਂ ਬਾਅਦ ਦੇ ਨੁਕਸਾਨਾਂ ਨੂੰ ਘਟਾਉਣ, ਡਬਲਿਊ. ਡੀ. ਆਰ. ਏ. ਮਾਨਤਾ, ਵੇਅਰਹਾਊਸ ਰਸੀਦ ਵਿੱਤ ਅਤੇ ਕਿਸਾਨਾਂ ਲਈ ਬਿਹਤਰ ਸਟੋਰੇਜ ਤੇ ਮਾਰਕੀਟਿੰਗ ਦੇ ਮੌਕਿਆਂ 'ਚ ਵਿਗਿਆਨਕ ਵੇਅਰਹਾਊਸਿੰਗ ਦੀ ਭੂਮਿਕਾ ਨੂੰ ਉਜਾਗਰ ਕੀਤਾ | ਇਸ ਤੋਂ ਬਾਅਦ ਕੁਦਰਤ ਫਾਰਮਜ਼ ਤੋਂ ਆਏ ਧਰਮੇਂਦਰ ਨੇ 'ਜੈਵਿਕ ਖੇਤੀ' ਵਿਸ਼ੇ 'ਤੇ ਕਰਵਾਏ ਗਏ ਸੈਸ਼ਨ ਦੀ ਅਗਵਾਈ ਕੀਤੀ ਜਿਸ 'ਚ ਜੈਵਿਕ ਕਾਸ਼ਤ ਅਭਿਆਸਾਂ, ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ, ਕੁਦਰਤੀ ਖੇਤੀ ਇੰਨਪੁਟਸ ਅਤੇ ਟਿਕਾਊ ਫ਼ਸਲ ਉਤਪਾਦਨ ਤਰੀਕਿਆਂ ਬਾਰੇ ਵਿਵਹਾਰਕ ਸੂਝ ਸਾਂਝੀ ਕੀਤੀ ਗਈ | ਇਸੇ ਦੌਰਾਨ ਮਾਈਕੋਮੇਜ਼ਿੰਗ ਦੀ ਸੰਸਥਾਪਕ ਤੇ ਸੀ. ਜੀ. ਸੀ. ਦੀ ਸਾਬਕਾ ਵਿਦਿਆਰਥਣ ਦੀਪਾਂਸ਼ੀ ਨੇ ਖੇਤੀਬਾੜੀ ਰਹਿੰਦ-ਖੂੰਹਦ ਪ੍ਰਬੰਧਨ ਵਿਸ਼ੇ ਸੰਬੰਧੀ ਇਕ ਸੈਸ਼ਨ ਲਿਆ ਜਿਸ 'ਚ ਖੇਤੀਬਾੜੀ ਰਹਿੰਦ-ਖੂੰਹਦ ਨੂੰ ਮੁੱਲ ਵਰਧਕ ਉਤਪਾਦਾਂ 'ਚ ਬਦਲਣ ਤੇ ਰਹਿੰਦ-ਖੂੰਹਦ ਪ੍ਰਬੰਧਨ ਦੇ ਵਾਤਾਵਰਨ ਪੱਖੋਂ ਟਿਕਾਊ ਤਰੀਕਿਆਂ ਦੀ ਪੜਚੋਲ ਕਰਨ 'ਤੇ ਧਿਆਨ ਕੇਂਦਰਿਤ ਕੀਤਾ ਗਿਆ | ਇਸ ਪਹਿਲਕਦਮੀ ਮੌਕੇ ਵਿਚਾਰ ਸਾਂਝੇ ਕਰਦਿਆਂ ਡਾ. ਪਾਲਕੀ ਸਾਹਿਬ ਕੌਰ (ਡਾਇਰੈਕਟਰ ਪਿ੍ੰਸੀਪਲ ਸੀ. ਸੀ. ਟੀ. ਸੀ. ਜੀ. ਸੀ. ਲਾਂਡਰਾਂ) ਨੇ ਕਿਹਾ ਕਿ ਉਨ੍ਹਾਂ ਦਾ ਦਿ੍ਸ਼ਟੀਕੋਣ ਕਿਸਾਨਾਂ ਨੂੰ ਗਿਆਨ ਤੇ ਨਵੀਨਤਾ ਨਾਲ ਸਸ਼ਕਤ ਬਣਾਉਣਾ ਹੈ | ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਕਿਸਾਨਾਂ ਨੂੰ ਮਾਹਿਰਾਂ, ਖੋਜ਼ਕਰਤਾਵਾਂ ਤੇ ਉੱਦਮੀਆਂ ਨਾਲ ਜੋੜ ਕੇ ਪੇਂਡੂ ਭਾਈਚਾਰਿਆਂ ਨੂੰ ਮਜ਼ਬੂਤ ਕਰਨਾ ਤੇ ਟਿਕਾਊ ਖੇਤੀਬਾੜੀ ਅਭਿਆਸਾਂ ਨੂੰ ਉਤਸ਼ਾਹਿਤ ਕਰਨਾ ਹੈ ਜੋ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਲਾਭਦਾਇਕ ਸਾਬਿਤ ਹੋਣਗੇ | ਉਨ੍ਹਾਂ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਕਿਸਾਨਾਂ, ਉਦਯੋਗ ਮਾਹਿਰਾਂ, ਸਿੱਖਿਅਕਾਂ, ਖੋਜਕਰਤਾਵਾਂ ਅਤੇ ਨੌਜਵਾਨ ਨਵੀਨਤਾਕਾਰਾਂ ਨੂੰ ਇਕ ਮੰਚ 'ਤੇ ਇਕੱਠਾ ਕਰਕੇ ਨਵੀਨਤਾ, ਸਥਿਰਤਾ ਤੇ ਪੇਂਡੂ ਵਿਕਾਸ ਨੂੰ ਉਤਸ਼ਾਹਿਤ ਕਰਨ ਪ੍ਰਤੀ ਸੀ. ਜੀ. ਸੀ. ਲਾਂਡਰਾਂ ਦੀ ਵਚਨਬੱਧਤਾ ਨੂੰ ਉਜਾਗਰ ਕਰਦੀਆਂ ਹਨ |