ਖਰੜ, 10 ਜੂਨ (ਜੰਡਪੁਰੀ)- ਸ਼ਹਿਰ 'ਚ ਹੋ ਰਹੀ ਜਨਗਨਣਾ ਨੂੰ ਲੈ ਕੇ ਨਗਰ ਕੌਂਸਲ ਦੇ ਆਊਟ ਸੋਰਸਿੰਗ ਮੁਲਾਜ਼ਮਾਂ ਨੂੰ 17-18 ਘੰਟੇ ਡਿਊਟੀ ਦੇਣੀ ਪੈ ਰਹੀ ਹੈ ਜਦਕਿ ਡਿਊਟੀਆਂ ਕਟਵਾਉਣ ਵਾਲੇ ਕਈ ਅਧਿਆਪਕ ਸਰਕਾਰੀ ਦਰਬਾਰੇ ਪਹੁੰਚ ਹੋਣ ਕਰਕੇ ਮੌਜਾਂ ਮਾਰ ਰਹੇ ਹਨ | ਇਸ ਸੰਬੰਧੀ ਅੱਜ ਨਗਰ ਕੌਂਸਲ ਦੇ ਕਈ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਦਾ ਸਰਕਾਰ ਦੇ ਹੁਕਮਾਂ ਅਨੁਸਾਰ ਸਵੇਰੇ 7.30 ਵਜੇ ਤੋਂ ਲੈ ਕੇ ਦੁਪਹਿਰ 1.30 ਵਜੇ ਤੱਕ ਦਾ ਡਿਊਟੀ ਸਮਾਂ ਨਿਸ਼ਚਿਤ ਕੀਤਾ ਹੋਇਆ ਹੈ ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਨੂੰ ਦਿਨ 'ਚ ਪੈ ਰਹੀ ਹੱਦ ਤੋੜਵੀਂ ਗਰਮੀ ਤੇ ਰਾਤ ਨੂੰ ਵੀ ਇਸ ਜਨਗਣਨਾ ਨੂੰ ਪੂਰਾ ਕਰਨ ਦੇ ਲਈ 17 ਤੋਂ 18 ਘੰਟੇ ਡਿਊਟੀ ਦੇਣੀ ਪਾ ਰਹੀ ਹਨ ਕਿਉਂਕਿ ਸਰਕਾਰ ਦੀਆਂ ਹਦਾਇਤਾਂ ਹਨ ਕਿ 13 ਜੂਨ ਤੱਕ ਜਨਗਣਨਾ ਸੰਬੰਧੀ ਪੇਪਰ ਵਰਕ ਪੂਰਾ ਕਰਨਾ ਹੈ | ਉਨ੍ਹਾਂ ਕਿਹਾ ਕਿ ਜਦੋਂ ਉਹ ਪੇਪਰ ਵਰਕ ਪੂਰਾ ਕਰਨ ਲਈ ਰਾਤ ਨੂੰ ਜਾਂਦੇ ਹਨ ਤਾਂ ਕਈ ਲੋਕ ਤਾਂ ਉਨ੍ਹਾਂ ਦੇ ਗਲ ਤੱਕ ਵੀ ਪੈ ਗਏ ਹਨ ਤੇ ਕਈ ਲੋਕ ਉਨ੍ਹਾਂ ਨੂੰ ਇਸ ਸੰਬੰਧੀ ਪੂਰੀ ਜਾਣਕਾਰੀ ਵੀ ਦੇ ਨਹੀਂ ਦੇ ਰਹੇ | ਇਸ ਤੋਂ ਇਲਾਵਾ ਬਹੁਤ ਸਾਰੇ ਘਰਾਂ ਨੂੰ ਗਰਮੀਆਂ ਦੀਆਂ ਛੁੱਟੀਆਂ ਹੋਣ ਕਰਕੇ ਉਨ੍ਹਾਂ ਨੂੰ ਤਾਲੇ ਲੱਗੇ ਮਿਲ ਰਹੇ ਹਨ ਜਿਸ ਤੋਂ ਲੱਗਦਾ ਹੈ ਕਿ ਜਨਗਣਨਾ ਮਿਥੇ ਸਮੇਂ ਤੱਕ ਸਹੀ ਤਰੀਕੇ ਨਾਲ ਪੂਰੀ ਨਹੀਂ ਹੋ ਸਕਦੀ | ਉਨ੍ਹਾਂ ਕਿਹਾ ਕਿ ਜਨਗਣਨਾ ਕਰਨ ਵਾਲੇ ਕਈ ਮੁਲਾਜ਼ਮ ਸਿਰਫ ਰਜਿਸਟਰਾਂ 'ਤੇ ਹੀ ਨੋਟ ਕਰਦੇ ਫਿਰਦੇ ਹਨ ਜਦਕਿ ਕਈ ਜ਼ਿੰਮੇਵਾਰ ਕਰਮਚਾਰੀਆਂ ਨੂੰ ਐਪ ਲਾਗੂ ਕੀਤੀ ਗਈ ਹੈ | ਇਸ ਸੰਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਅਤੇ ਅਕਾਊਟੈਂਟ ਅਧਿਕਾਰੀ ਨਾਲ ਗੱਲ ਕਰਨ 'ਤੇ ਉਨ੍ਹਾਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਹਰ ਹਾਲਤ'ਚ 13 ਤਰੀਕ ਤੱਕ ਪੇਪਰ ਵਰਕ ਪੂਰਾ ਕਰਨਾ ਹੈ | ਇਸ ਸੰਬੰਧੀ ਉਨ੍ਹਾਂ ਦੀ ਵੀ ਮਜ਼ਬੂਰੀ ਹੈ ਕਿਉਂਕਿ ਉਨ੍ਹਾਂ ਨੇ ਸਰਕਾਰ ਨੂੰ ਜਵਾਬ ਦੇਣਾ ਹੈ | ਉਨ੍ਹਾਂ ਮੰਨਿਆ ਹੈ ਕਿ ਭਾਵੇਂ ਵਰਕਲੋਡ ਵੜ੍ਹ ਹੈ ਪਰ ਉਨ੍ਹਾਂ ਨੇ ਸਟਾਫ਼ ਨੂੰ ਵੀ ਕਿਹਾ ਹੈ ਕਿ ਉਹ ਉਨ੍ਹਾਂ ਨੂੰ 2-2 ਦਿਨ ਦੀ ਵੱਖਰੀ ਛੁੱਟੀ ਦੇ ਦੇਣਗੇ ਪਰ ਉਨ੍ਹਾਂ ਦੀ ਮਜ਼ਬੂਰੀ ਵੀ ਮਜ਼ਬੂਰੀ ਹੈ | ਦੂਜੇ ਪਾਸੇ ਲੋਕਾਂ ਨੇ ਮੰਗ ਕੀਤੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਡਿਊਟੀ ਕਟਵਾਉਣ ਵਾਲਿਆਂ ਦੀ ਨਜਰਸਾਨੀ ਕਰੇ ਕਿ ਉਨ੍ਹਾਂ ਦੀ ਡਿਊਟੀ ਕਿਉਂ ਕੱਟੀ ਗਈ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਸਾਰੇ ਅਧਿਆਪਕਾਂ ਦੀ ਡਿਊਟੀ ਕੱਟਣ ਸੰਬੰਧੀ ਪਤਾ ਲੱਗਾ ਹੈ ਜਿਨ੍ਹਾਂ ਕਾਰਨ ਆਊਟਸੋਰਸਿੰਗ ਮੁਲਾਜ਼ਮ ਇਸ ਦਾ ਖਮਿਆਜ਼ਾ ਭੁਗਤ ਰਹੇ ਹਨ |