30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਡੇਰਾਬੱਸੀ ਦੇ ਕੈਲਾਸ਼ ਇਨਕਲੇਵ ਵਿਖੇ ਗੁਆਂਢੀਆਂ ਵਲੋਂ ਇਕ ਪਰਿਵਾਰ 'ਤੇ ਹਮਲਾ

ਅਜੀਤ ਡੈਸਕ 12-06-2026
ਡੇਰਾਬੱਸੀ, 11 ਜੂਨ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਦੇ ਹੈਬਤਪੁਰ ਰੋਡ 'ਤੇ ਸਥਿਤ ਕੈਲਾਸ਼ ਇਨਕਲੇਵ 'ਚ ਰਸਤਾ ਰੋਕ ਕੇ ਹਮਲਾ ਕਰਨ, ਗੱਡੀ ਦੀ ਭੰਨ-ਤੋੜ ਕਰਨ ਤੇ ਨਕਦੀ ਸਮੇਤ ਜ਼ਰੂਰੀ ਕਾਗਜ਼ਾਤ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ | ਡੇਰਾਬੱਸੀ ਪੁਲਿਸ ਨੇ ਪੀੜਤ ਦੀ ਸ਼ਿਕਾਇਤ ਦੇ ਆਧਾਰ 'ਤੇ ਇਕੋ ਹੀ ਮਕਾਨ ਦੀ ਉੱਪਰਲੀ ਮੰਜ਼ਿਲ 'ਤੇ ਰਹਿਣ ਵਾਲੇ ਪਰਿਵਾਰ ਦੇ ਤਿੰਨ ਮੈਂਬਰਾਂ ਖ਼ਿਲਾਫ਼ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਵਰਿੰਦਰ ਸਿੰਘ ਰਾਣਾ ਪੁੱਤਰ ਨਿਹਾਲ ਚੰਦ ਵਾਸੀ ਕੈਲਾਸ਼ ਇਨਕਲੇਵ ਦੇ ਮ. ਨੰ. 80 ਦੇ ਗਰਾਊਾਡ ਫਲੌਰ 'ਤੇ ਰਹਿੰਦਾ ਹੈ, ਨੇ ਦੱਸਿਆ ਕਿ ਇਹ ਘਟਨਾ ਬੀਤੀ 19 ਮਈ ਦੀ ਸ਼ਾਮ ਕਰੀਬ 6.05 ਵਜੇ ਵਾਪਰੀ | ਪੀੜਤ ਆਪਣੀ ਚਿੱਟੇ ਰੰਗ ਦੀ ਬੀਟ ਕਾਰ 'ਚ ਸਵਾਰ ਹੋ ਕੇ ਆਪਣੇ ਘਰ ਵਾਪਸ ਆ ਰਿਹਾ ਸੀ ਅਤੇ ਇਸੇ ਦੌਰਾਨ ਜਦੋਂ ਉਹ ਸੁਸਾਇਟੀ 'ਚ ਪੁੱਜਿਆ ਤਾਂ ਉਥੇ ਪਹਿਲਾਂ ਤੋਂ ਹੀ ਮੌਜੂਦ ਮੁਲਜ਼ਮਾਂ ਨੇ ਉਸ ਦਾ ਰਸਤਾ ਘੇਰ ਲਿਆ ਅਤੇ ਬਿਨਾਂ ਕਿਸੇ ਕਾਰਨ ਉੱਚੀ-ਉੱਚੀ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ | ਜਦੋਂ ਪੀੜਤ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਨੇ ਆਪਸ 'ਚ ਰਲ ਕੇ ਉਸ 'ਤੇ ਹਮਲਾ ਕਰ ਦਿੱਤਾ ਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ | ਪੀੜਤ ਵਲੋਂ ਜਾਨ ਬਚਾਉਣ ਲਈ ਰੌਲਾ ਪਾਉਣ 'ਤੇ ਮੁਲਜ਼ਮ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ | ਜਾਂਦੇ-ਜਾਂਦੇ ਮੁਲਜ਼ਮਾਂ ਨੇ ਪੀੜਤ ਦੀ ਖੜ੍ਹੀ ਕਾਰ ਦੀ ਬੁਰੀ ਤਰ੍ਹਾਂ ਭੰਨ-ਤੋੜ ਕੀਤੀ ਤੇ ਗੱਡੀ 'ਚ ਪਏ ਕਰੀਬ 50 ਹਜ਼ਾਰ ਰੁ. ਦੀ ਨਕਦੀ ਅਤੇ ਕੁਝ ਹੋਰ ਜ਼ਰੂਰੀ ਦਸਤਾਵੇਜ਼ ਜ਼ਬਰੀ ਆਪਣੇ ਨਾਲ ਲੈ ਗਏ | ਪੁਲਿਸ ਵਲੋਂ ਇਸ ਮਾਮਲੇ 'ਚ ਪੀੜਤ ਦੇ ਘਰ ਦੀ ਪਹਿਲੀ ਮੰਜ਼ਿਲ 'ਤੇ ਹੀ ਰਹਿਣ ਵਾਲੇ ਸੁਖਵਿੰਦਰ ਸਿੰਘ ਪੁੱਤਰ ਭਾਗ ਸਿੰਘ, ਉਸ ਦੀ ਪਤਨੀ ਕੁਲਵੰਤ ਕੌਰ ਤੇ ਪੁੱਤਰੀ ਸਿਮਰਨਜੀਤ ਕੌਰ ਨੂੰ ਨਾਮਜ਼ਦ ਕੀਤਾ ਗਿਆ ਹੈ | ਮਾਮਲੇ ਦੀ ਜਾਂਚ ਕਰ ਰਹੇ ਤਫ਼ਤੀਸ਼ੀ ਅਫ਼ਸਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਸਾਰੇ ਮੁਲਜ਼ਮ ਫਿਲਹਾਲ ਫ਼ਰਾਰ ਹਨ, ਜਿਨ੍ਹਾਂ ਨੂੰ ਜਲਦ ਤੋਂ ਜਲਦ ਗਿ੍ਫ਼ਤਾਰ ਕਰਨ ਲਈ ਪੁਲਿਸ ਵਲੋਂ ਸੰਭਾਵਿਤ ਟਿਕਾਣਿਆਂ 'ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਜ਼ਿਲ੍ਹਾ ਮੁਹਾਲੀ ਦੇ ਨਵੇਂ ਚੁਣੇ ਗਏ ਕਾਂਗਰਸੀ ਅਹੁਦੇਦਾਰਾਂ ਵਲੋਂ ਸਾਬਕਾ ਮੁੱਖ ਮੰਤਰੀ ਚੰਨੀ ਨਾਲ ਮੁਲਾਕਾਤ ਅਗਲੀ ਖ਼ਬਰ ਸਿਹਤ ਟੀਮਾਂ ਵਲੋਂ ਬਲੌਂਗੀ ਅਤੇ ਬੜਮਾਜਰਾ ਵਿਖੇ ਮਾਸ ਡੇਂਗੂ ਸਰਵੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।