29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਪਿੰਡ ਰਾਮਪੁਰ ਸੈਣੀਆਂ ਵਿਖੇ ਨਾਜਾਇਜ਼ ਮਾਈਨਿੰਗ ਦੌਰਾਨ 35 ਫੁੱਟ ਤੱਕ ਕੀਤੀ ਖੁਦਾਈ <br/>

ਪਿੰਡ ਰਾਮਪੁਰ ਸੈਣੀਆਂ ਵਿਖੇ ਚੱਲ ਰਹੇ ਨਾਜਾਇਜ਼ ਮਾਈਨਿੰਗ ਦੇ ਗੋਰਖਧੰਦੇ ਦੀ ਮੂੰਹ ਬੋਲਦੀ ਤਸਵੀਰ | ਤਸਵੀਰ : ਰਣਬੀਰ ਸਿੰਘ ਪੜ੍ਹੀ <br/> 14-06-2026
ਡੇਰਾਬੱਸੀ, 13 ਜੂਨ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਪਿੰਡ ਰਾਮਪੁਰ ਸੈਣੀਆਂ ਵਿਖੇ ਕਾਨੂੰਨ ਨੂੰ ਛਿੱਕੇ ਟੰਗ ਕੇ ਕੀਤੀ ਜਾ ਰਹੀ ਨਾਜਾਇਜ਼ ਮਾਈਨਿੰਗ ਨੇ ਸਥਾਨਕ ਕਿਸਾਨਾਂ ਦੀ ਨੀਂਦ ਉੱਡਾ ਦਿੱਤੀ ਹੈ | ਇਸ ਸੰਬੰਧੀ ਪੀੜਤ ਕਿਸਾਨ ਜਸਪਾਲ ਸਿੰਘ ਪੁੱਤਰ ਲਛਮਣ ਸਿੰਘ ਨੇ ਮਾਈਨਿੰਗ ਅਫ਼ਸਰ ਮੁਹਾਲੀ ਨੂੰ ਇਕ ਸ਼ਿਕਾਇਤ ਸੌਂਪ ਕੇ ਤੁਰੰਤ ਦਖ਼ਲ ਦੇਣ ਅਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਉਨ੍ਹਾਂ ਇਸ ਦੀ ਸ਼ਿਕਾਇਤ ਸੀ. ਐੱਮ. ਵਿੰਡੋ ਅਤੇ ਡੇਰਾਬੱਸੀ ਪੁਲਿਸ ਨੂੰ ਵੀ ਭੇਜੀ ਹੈ | ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਜਸਪਾਲ ਸਿੰਘ ਨੇ ਦੱਸਿਆ ਕਿ ਪਿੰਡ ਰਾਮਪੁਰ ਸੈਣੀਆਂ ਦੇ ਨੇੜੇ ਪੈਂਦੀ ਉਪਜਾਊ ਖੇਤੀਯੋਗ ਜ਼ਮੀਨ ਦੇ ਬਿਲਕੁੱਲ ਨਾਲ ਲੱਗਦੀ ਜ਼ਮੀਨ 'ਚ ਕੁਲਵੀਰ ਸਿੰਘ ਨਾਮਕ ਵਿਅਕਤੀ ਵਲੋਂ ਸ਼ਰੇ੍ਹਆਮ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ | ਉਸ ਨੇ ਦੋਸ਼ ਲਗਾਇਆ ਕਿ ਮਾਈਨਿੰਗ ਮਾਫ਼ੀਆ ਨੇ ਸਾਰੀਆਂ ਹੱਦਾਂ ਪਾਰ ਕਰਦਿਆਂ ਜ਼ਮੀਨ 'ਚ ਲਗਭਗ 30 ਤੋਂ 35 ਫੁੱਟ ਡੂੰਘਾ ਟੋਇਆ ਪੁੱਟ ਦਿੱਤਾ ਹੈ ਅਤੇ ਉਥੋਂ ਵੱਡੀ ਮਾਤਰਾ 'ਚ ਰੇਤਾ ਕੱਢ ਕੇ ਵੇਚਿਆ ਜਾ ਰਿਹਾ ਹੈ, ਜਿਸ ਕਾਰਨ ਨੇੜਲੇ ਖੇਤਾਂ ਦੀ ਹੋਂਦ ਨੂੰ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਕਾਰਜ ਦੌਰਾਨ ਖੇਤ ਦੀ ਸੁਰੱਖਿਆ ਲਈ ਲਗਾਈ ਗਈ ਲੋਹੇ ਦੇ ਐਂਗਲਾਂ ਵਾਲੀ ਫੈਂਸਿੰਗ ਨੂੰ ਵੀ ਪੁੱਟ ਕੇ ਟੋਏ 'ਚ ਸੁੱਟ ਦਿੱਤਾ ਗਿਆ ਅਤੇ ਸਾਂਝੀ ਵੱਟ ਤਬਾਹ ਕਰ ਦਿੱਤੀ ਗਈ | ਜਸਪਾਲ ਸਿੰਘ ਨੇ ਦੱਸਿਆ ਕਿ ਇਸ ਗ਼ੈਰ-ਕਾਨੂੰਨੀ ਮਾਈਨਿੰਗ ਕਾਰਨ ਉਨ੍ਹਾਂ ਦੀ ਜ਼ਮੀਨ ਨੂੰ ਢਾਹ ਲੱਗਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ | ਇਸ ਤੋਂ ਵੀ ਵੱਧ ਚਿੰਤਾਜਨਕ ਗੱਲ ਇਹ ਹੈ ਕਿ ਇੰਨੀ ਭਾਰੀ ਖੁਦਾਈ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਇਸ ਟੋਏ ਨੂੰ ਖੁੱਲ੍ਹਾ ਹੀ ਛੱਡ ਦਿੱਤਾ | ਮੌਜੂਦਾ ਸਮੇਂ ਇਸ 35 ਫੁੱਟ ਡੂੰਘੇ ਖੱਡੇ 'ਚ ਭਾਰੀ ਮਾਤਰਾ 'ਚ ਪਾਣੀ ਭਰ ਚੁੱਕਾ ਹੈ, ਜੋ ਕਿ 'ਮੌਤ ਦੇ ਖੂਹ' ਵਾਂਗ ਪ੍ਰਤੀਤ ਹੁੰਦਾ ਹੈ | ਪਿੰਡ ਵਾਸੀਆਂ ਅਤੇ ਕਿਸਾਨਾਂ ਨੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਪਿੰਡ ਅਤੇ ਖੇਤਾਂ ਵਾਲੇ ਰਸਤੇ ਦੇ ਇੰਨੇ ਨਜ਼ਦੀਕ ਇਸ ਤਰ੍ਹਾਂ ਪਾਣੀ ਨਾਲ ਲਬਾਲਬ ਭਰਿਆ ਖੁੱਲ੍ਹਾ ਟੋਇਆ ਕਿਸੇ ਸਮੇਂ ਵੀ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ |

ਪਿਛਲੀ ਖ਼ਬਰ ਮੁਹਾਲੀ ਦੇ ਵਸਨੀਕ ਬਿਜਲੀ ਦੇ ਅਣਐਲਾਨੇ ਕੱਟਾਂ ਕਾਰਨ ਡਾਹਢੇ ਪ੍ਰੇਸ਼ਾਨ- ਐਡਵੋਕੇਟ ਰੰਗੀ <br/> ਅਗਲੀ ਖ਼ਬਰ ਨਾਜਾਇਜ਼ ਉਸਾਰੀ ਕਾਰਨ ਸੀਵਰੇਜ ਬੰਦ ਹੋਣ ਦੇ ਚਲਦਿਆਂ ਸਵਾਸਤਿਕ ਵਿਹਾਰ ਦੇ ਲੋਕ ਪ੍ਰੇਸ਼ਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।