ਚੰਡੀਗੜ੍ਹ, 16 ਜੂਨ (ਰਾਮ ਸਿੰਘ ਬਰਾੜ) - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੰਗਲਵਾਰ ਨੂੰ ਹਰਿਆਣਾ ਵਿਧਾਨ ਸਭਾ ਕੰਪਲੈਕਸ ਵਿਚ ਯੋਗ ਪ੍ਰੋਟੋਕਾਲ ਦਾ ਅਭਿਆਸ ਕੀਤਾ। ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ ਸਮੇਤ ਕਈ ਮਾਣਯੋਗ ਸੱਜਣ ਵੀ ਮੁੱਖ ਮੰਤਰੀ ਦੇ ਨਾਲ ਕਾਮਨ ਯੋਗ ਪ੍ਰੋਟੋਕਾਲ ਅਭਿਆਸ ਵਿਚ ਸ਼ਾਮਲ ਹੋਏ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਵਿਧਾਨ ਸਭਾ ਸਪੀਕਰ ਹਰਵਿੰਦਰ ਕਲਿਆਣ ਨੇ ਜੋਤ ਜਗਾ ਕੇ ਯੋਗ ਪ੍ਰੋਟੋਕਾਲ ਅਭਿਆਸ ਸੈਸ਼ਨ ਦੀ ਸ਼ੁਰੂਆਤ ਕੀਤੀ ਅਤੇ ਨਿਰਧਾਰਿਤ ਕ੍ਰਮ ਵਿਚ ਕੌਮਾਂਤਰੀ ਯੋਗ ਦਿਵਸ ਦੇ ਮੌਕੇ ’ਤੇ ਕੀਤੇ ਜਾਣ ਵਾਲੇ ਸਾਰੇ ਯੋਗ ਅਭਿਆਸ ਕੀਤੇ। ਹਰਿਆਣਾ ਯੋਗ ਕਮਿਸ਼ਨ ਦੇ ਚੇਅਰਮੈਨ ਡਾ. ਜੈਦੀਪ ਆਰੀਆ ਨੇ ਯੋਗ ਟ੍ਰੇਨਰਾਂ ਦੇ ਨਾਲ ਸਾਰੇ ਯੋਗ ਪ੍ਰੋਟੋਕਾਲ ਅਨੁਸਾਰ ਪ੍ਰਾਰਥਨਾ, ਸਰੀਰਕ ਹਿਲਜੁਲ ਅਭਿਆਸ, ਯੋਗਾਸਨ ਤਹਿਤ ਖੜ੍ਹੇ ਹੋ ਕੇ, ਬੈਠ ਕੇ, ਪੇਟ ਦੇ ਭਾਰ ਲੇਟ ਕੇ ਅਤੇ ਪਿੱਠ ਦੇ ਭਾਰ ਲੇਟ ਕੇ ਕੀਤੇ ਜਾਣ ਵਾਲੇ ਆਸਣ, ਪ੍ਰਾਣਾਯਾਮ, ਧਿਆਨ ਅਤੇ ਸ਼ਾਂਤੀਪਾਠ ਦਾ ਅਭਿਆਸ ਕਰਵਾਇਆ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਯੋਗ ਸਾਨੂੰ ’ਮੈਂ’ ਤੋਂ ’ਅਸੀਂ’ ਤੱਕ ਦੀ ਯਾਤਰਾ ਕਰਵਾਉਂਦਾ ਹੈ ਅਤੇ ਇਹ ਸਾਨੂੰ ਆਪਣੇ ਆਪ ਨਾਲ ਅਤੇ ਸਮਾਜ ਨਾਲ ਜੋੜਨ ਦਾ ਕੰਮ ਕਰਦਾ ਹੈ। ਪੂਰੀ ਦੁਨੀਆ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਮਨਾਏਗੀ, ਪਰ ਸਾਨੂੰ ਸਮਝਣ ਦੀ ਲੋੜ ਹੈ ਕਿ ਸਾਨੂੰ ਸਿਰਫ਼ ਇੱਕ ਦਿਨ ਲਈ ਯੋਗ ਦਿਵਸ ਨਹੀਂ ਮਨਾਉਣਾ, ਸਗੋਂ ਇਸ ਨੂੰ ਜ਼ਿੰਦਗੀ ਦੇ ਨਾਲ ਇੱਕ ਸੰਕਲਪ ਵਾਂਗ ਜੋੜਨਾ ਹੈ। ਹਰਿਆਣਾ ਵਿਚ ਰਾਜ ਪੱਧਰੀ ਯੋਗ ਦਿਵਸ ਸਮਾਗਮ ਪੰਚਕੂਲਾ ਵਿਚ ਆਯੋਜਿਤ ਕੀਤਾ ਜਾਵੇਗਾ। ਉਨ੍ਹਾਂ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਿਯਮਤ ਤੌਰ ’ਤੇ ਆਪਣੇ ਨੇੜਲੇ ਯੋਗ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਅਤੇ ਯੋਗ ਦੇ ਮਾਧਿਅਮ ਰਾਹੀਂ ਮਾਨਸਿਕ ਅਤੇ ਸਰੀਰਕ ਤੌਰ ’ਤੇ ਸਿਹਤਮੰਦ ਰਹਿ ਕੇ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਉਣ। ਇਹ ਭਾਰਤ ਦੀ ਇਤਿਹਾਸਕ ਪ੍ਰਾਪਤੀ ਅਤੇ ਭਾਰਤ ਦੀ ਸੱਭਿਆਚਾਰਕ ਸ਼ਕਤੀ ਦਾ ਪ੍ਰਮਾਣ ਹੈ। ਇਹ ਭਾਰਤ ਦੀ ਸਨਾਤਨ ਪਰੰਪਰਾ ਨੂੰ ਗਲੋਬਲ ਪ੍ਰਵਾਨਗੀ ਅਤੇ ਪ੍ਰਣਾਮ ਵੀ ਹੈ। ਅੱਜ ਪੂਰੀ ਦੁਨੀਆ ਕੌਮਾਂਤਰੀ ਯੋਗ ਦਿਵਸ ਮਨਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਾਲ 12ਵੇਂ ਕੌਮਾਂਤਰੀ ਯੋਗ ਦਿਵਸ ਦਾ ਵਿਸ਼ਾ ’ਸਵਸਥ ਬੁਢਾਪੇ ਲਈ ਯੋਗ’ ਰੱਖਿਆ ਗਿਆ ਹੈ। ਹਰਿਆਣਾ ਸਰਕਾਰ ਯੋਗ ਦੇ ਮਾਧਿਅਮ ਰਾਹੀਂ ਨਸ਼ਾ ਮੁਕਤ ਹਰਿਆਣਾ ਦੇ ਸੰਕਲਪ ਨੂੰ ਸਾਕਾਰ ਕਰਨ ਦੀ ਦਿਸ਼ਾ ਵਿਚ ਵੀ ਅੱਗੇ ਵਧ ਰਹੀ ਹੈ। ਅਸੀਂ ਆਪਣੇ ਵਾਅਦੇ ਮੁਤਾਬਿਕ ਯੋਗ ਨੂੰ ਪਾਠਕ੍ਰਮ ਵਿਚ ਸ਼ਾਮਲ ਕੀਤਾ ਹੈ ਅਤੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਯੋਗ ਕਲੱਬ ਸਥਾਪਿਤ ਕੀਤੇ ਹਨ। ਸਰਕਾਰ ਨੇ ਹਰਿਆਣਾ ਦੇ ਹਰ ਪਿੰਡ ਵਿਚ ਵਿਆਯਾਮਸ਼ਾਲਾਵਾਂ ਖੋਲ੍ਹਣ ਦਾ ਟੀਚਾ ਰੱਖਿਆ ਹੈ। ਹੁਣ ਤੱਕ 883 ਵਿਆਯਾਮਸ਼ਾਲਾਵਾਂ ਖੋਲ੍ਹੇ ਜਾ ਚੁੱਕੀਆਂ ਹਨ, ਜਿਨ੍ਹਾਂ ਵਿਚ 859 ਯੋਗ ਸਹਾਇਕ ਨਿਯੁਕਤ ਕੀਤੇ ਗਏ ਹਨ। ਆਯੁਸ਼ ਡਿਸਪੈਂਸਰੀਆਂ ਅਤੇ ਉਪ-ਸਿਹਤ ਕੇਂਦਰਾਂ ਨੂੰ ਆਯੁਸ਼ਮਾਨ ਆਰੋਗਿਆ ਕੇਂਦਰਾਂ ਵਜੋਂ ਅਪਗ੍ਰੇਡ ਕੀਤਾ ਗਿਆ ਹੈ, ਜਿਨ੍ਹਾਂ ਵਿਚ ਯੋਗ ਇੰਸਟ੍ਰਕਟਰ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਧਾਨ ਸਭਾ ਕੰਪਲੈਕਸ ਵਿਚ ਯੋਗ ਸਿਖਲਾਈ ਵੀ ਇੱਕ ਸੰਦੇਸ਼ ਹੈ ਕਿ ਹਰਿਆਣਾ ਦੀ ਲੀਡਰਸ਼ਿਪ ਅਤੇ ਜਨ ਪ੍ਰਤੀਨਿਧੀ ਯੋਗਮਈ ਜੀਵਨ ਜਿਊਂਦੇ ਹਨ। ਇਹ ਸੁਸ਼ਾਸਨ ਅਤੇ ਜਨ ਸੇਵਾ ਦਾ ਵੀ ਆਧਾਰ ਹੈ। ਸਰਕਾਰ ਨੇ ਸਾਰੀਆਂ ਉਦਯੋਗਿਕ ਇਕਾਈਆਂ ਵਿਚ ਹਰ ਰੋਜ਼ ਯੋਗ ਵਿਰਾਮ ਦਾ ਪ੍ਰਬੰਧ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਦਿਨ ਭਰ ਦੀ ਲਗਾਤਾਰ ਭੱਜ-ਦੌੜ ਦੇ ਵਿਚਕਾਰ ਉਹ ਖ਼ੁਦ 5 ਮਿੰਟ ਦਾ ਬ੍ਰੇਕ ਲੈ ਕੇ ਯੋਗਾਸਨ ਕਰਦੇ ਹਨ, ਜਿਸ ਨਾਲ ਉਹ ਆਪਣੇ ਆਪ ਨੂੰ ਮੁੜ ਊਰਜਾਵਾਨ ਬਣਾਉਂਦੇ ਹਨ। ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ ਨੇ ਕਿਹਾ ਕਿ ਯੋਗ ਭਾਰਤ ਦੀ ਪ੍ਰਾਚੀਨ ਅਤੇ ਸ਼ਾਨਦਾਰ ਸੱਭਿਆਚਾਰਕ ਵਿਰਾਸਤ ਹੈ, ਜਿਸ ਨੇ ਪੂਰੀ ਦੁਨੀਆ ਨੂੰ ਸਿਹਤਮੰਦ ਜੀਵਨ ਦਾ ਰਾਹ ਦਿਖਾਇਆ ਹੈ। ਯੋਗ ਕੇਵਲ ਸਰੀਰਕ ਕਸਰਤ ਨਹੀਂ ਹੈ, ਬਲਕਿ ਇਹ ਸਰੀਰ, ਮਨ ਅਤੇ ਆਤਮਾ ਦੇ ਵਿਚਕਾਰ ਤਾਲਮੇਲ ਸਥਾਪਿਤ ਕਰਨ ਵਾਲੀ ਇੱਕ ਸਮੁੱਚੀ ਜੀਵਨ ਸ਼ੈਲੀ ਹੈ। ਮੌਜੂਦਾ ਸਮੇਂ ਵਿਚ ਤਣਾਅਪੂਰਨ ਜੀਵਨ ਸ਼ੈਲੀ, ਅਨਿਯਮਿਤ ਰੋਜ਼ਾਨਾ ਦੀ ਰੁਟੀਨ ਅਤੇ ਵਧਦੀਆਂ ਸਿਹਤ ਚੁਣੌਤੀਆਂ ਦੇ ਵਿਚਕਾਰ ਯੋਗ ਦੀ ਮਹੱਤਤਾ ਹੋਰ ਵੀ ਵਧ ਗਈ ਹੈ।ਇਸ ਮੌਕੇ ਵਿਧਾਨ ਸਭਾ ਦੇ ਮੁੱਖ ਸਚੇਤਕ ਰਾਮਕੁਮਾਰ ਕਸ਼ਯਪ, ਵਿਧਾਇਕ ਰਣਧੀਰ ਸਿੰਘ ਪਨਿਹਾਰ, ਕੰਵਰ ਸਿੰਘ ਯਾਦਵ, ਯੋਗ ਕਮਿਸ਼ਨ ਦੇ ਉਪ-ਚੇਅਰਮੈਨ ਰੋਸ਼ਨ ਲਾਲ ਸਮੇਤ ਵਿਧਾਨ ਸਭਾ ਦੇ ਅਧਿਕਾਰੀ-ਕਰਮਚਾਰੀ ਵੀ ਮੌਜੂਦ ਸਨ।