ਚੰਡੀਗੜ੍ਹ, 16 ਜੂਨ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਦੇ ਆਪ੍ਰੇਸ਼ਨ ਸੈੱਲ ਨੇ ਅੰਤਰਰਾਜੀ ਗੈਰ-ਕਾਨੂੰਨੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਇਕ ਪਿਸਤੌਲ, ਦੋ ਦੇਸੀ ਕੱਟੇ ਅਤੇ ਦੋ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਗਿਰੋਹ ਸਥਾਨਕ ਅਪਰਾਧੀਆਂ ਅਤੇ ਅਸਮਾਜਿਕ ਅਨਸਰਾਂ ਨੂੰ ਗੈਰ-ਕਾਨੂੰਨੀ ਹਥਿਆਰ ਅਤੇ ਲਾਜਿਸਟਿਕ ਸਹਾਇਤਾ ਮੁਹੱਈਆ ਕਰਵਾ ਰਿਹਾ ਸੀ। ਚੰਡੀਗੜ੍ਹ ਪੁਲਿਸ ਦੇ ਡੀ.ਜੀ.ਪੀ ਡਾ. ਸਾਗਰ ਪ੍ਰੀਤ ਹੁੱਡਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਐਸ.ਪੀ ਆਪ੍ਰੇਸ਼ਨਜ਼ ਗੀਤਾਂਜਲੀ ਖੰਡੇਲਵਾਲ ਦੀ ਨਿਗਰਾਨੀ ਹੇਠ ਆਪ੍ਰੇਸ਼ਨ ਸੈੱਲ ਦੀ ਟੀਮ ਵਲੋਂ ਇਹ ਕਾਰਵਾਈ ਕੀਤੀ ਗਈ। ਪੁਲਿਸ ਅਨੁਸਾਰ 8 ਜੂਨ ਨੂੰ ਪੈਟਰੋਲਿੰਗ ਦੌਰਾਨ ਆਪ੍ਰੇਸ਼ਨ ਸੈੱਲ ਦੀ ਟੀਮ ਨੇ ਮੌਲੀਜਾਗਰਾਂ ਦੇ ਰਹਿਣ ਵਾਲੇ 23 ਸਾਲਾ ਅਭਿਆਸ ਨੂੰ ਫ਼ੇਜ਼2 ਨੇੜੇ ਬੀ.ਐਸ.ਐਨ.ਐਲ. ਮੋੜ ਤੋਂ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ ਇਕ ਦੇਸੀ ਪਿਸਤੌਲ ਅਤੇ ਦੋ ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਜਾਂਚ ਵਿਚ ਸਾਹਮਣੇ ਆਇਆ ਕਿ ਅਭਿਆਸ ਖ਼ਿਲਾਫ਼ ਟਰਾਈ ਸਿਟੀ ਦੇ ਵੱਖ-ਵੱਖ ਥਾਣਿਆਂ ਵਿਖੇ ਕਰੀਬ 19 ਐੱਫ. ਆਈ. ਆਰ. ਦਰਜ ਹਨ। ਤਾਜ਼ਾ ਬਰਾਮਦੀ ਸਬੰਧੀ ਉਸ ਵਿਰੁੱਧ ਥਾਣਾ ਸੈਕਟਰ-31 ਵਿਚ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਪੁਲਿਸ ਰਿਮਾਂਡ ਦੌਰਾਨ ਅਭਿਆਸ ਵਲੋਂ ਕੀਤੇ ਖ਼ੁਲਾਸਿਆਂ ਦੇ ਆਧਾਰ ’ਤੇ 10 ਜੂਨ ਨੂੰ ਵਿਕਾਸ ਉਰਫ਼ ਬੱਟੀ ਨੂੰ ਸੈਕਟਰ-43 ਸਥਿਤ ਸੀ.ਟੀ.ਯੂ. ਵਰਕਸ਼ਾਪ ਦੇ ਪਿਛਲੇ ਹਿੱਸੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਸ ਦੇ ਕਬਜ਼ੇ ’ਚੋਂ ਇਕ ਦੇਸੀ ਕੱਟਾ ਬਰਾਮਦ ਹੋਇਆ। ਇਸ ਤੋਂ ਬਾਅਦ 15 ਜੂਨ ਨੂੰ ਤੈਅਬ ਉਰਫ਼ ਚੇਤਨ ਨੂੰ ਕਿਸ਼ਨਗੜ੍ਹ ਚੌਂਕ ਨੇੜੇ ਸਲਿਪ ਰੋਡ ਤੋਂ ਕਾਬੂ ਕਰਕੇ ਉਸ ਕੋਲੋਂ ਵੀ ਇਕ ਦੇਸੀ ਕੱਟਾ ਬਰਾਮਦ ਕੀਤਾ ਗਿਆ। ਮੁੱਖ ਮੁਲਜ਼ਮ ਅਭਿਆਸ ਖ਼ਿਲਾਫ਼ ਕਤਲ ਦੀ ਕੋਸ਼ਿਸ਼, ਅਸਲਾ ਐਕਟ, ਅਗਵਾ ਅਤੇ ਹੋਰ ਗੰਭੀਰ ਧਾਰਾਵਾਂ ਤਹਿਤ 19 ਮਾਮਲੇ ਦਰਜ ਹਨ। ਵਿਕਾਸ ਉਰਫ਼ ਬੱਟੀ ਅਤੇ ਤੱਯਬ ਉਰਫ਼ ਚੇਤਨ ਦਾ ਵੀ ਅਪਰਾਧਿਕ ਰਿਕਾਰਡ ਸਾਹਮਣੇ ਆਇਆ ਹੈ। ਚੰਡੀਗੜ੍ਹ ਪੁਲਿਸ ਨੇ ਕਿਹਾ ਕਿ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਨੈੱਟਵਰਕ ਦੇ ਹੋਰ ਮੈਂਬਰਾਂ ਦੀ ਪਛਾਣ ਲਈ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।