ਪਿੰਜੌਰ, 16 ਜੂਨ (ਕਪਿਲ)-ਪਿੰਜੌਰ ਦੇ ਪਿੰਡ ਨੋਲਟਾ ਨੇੜੇ ਮੰਗਲਵਾਰ ਸਵੇਰੇ ਇਕ ਦਰਦਨਾਕ ਸੜਕ ਹਾਦਸੇ ’ਚ ਇਕ 22 ਸਾਲਾ ਨੌਜਵਾਨ ਕੁੜੀ ਦੀ ਮੌਤ ਹੋ ਗਈ, ਜਦਕਿ ਡਰਾਈਵਰ ਸਮੇਤ 7 ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਹਾਦਸਾ ਉਸ ਵੇਲੇ ਵਾਪਰਿਆ, ਜਦੋਂ ਇਕ ਤੇਜ਼ ਰਫ਼ਤਾਰ ਇਨੋਵਾ ਕਾਰ ਤਿੱਖੇ ਮੋੜ ’ਤੇ ਬੇਕਾਬੂ ਹੋ ਕੇ ਡੂੰਘੀ ਖੱਡ ’ਚ ਪਲਟ ਗਈ। ਮ੍ਰਿਤਕਾ ਦੀ ਪਛਾਣ ਊਸ਼ਾ ਵਾਸੀ ਠਾਠਰ ਮਾਂਧਣਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਇਨੋਵਾ ਕਾਰ ’ਚ ਡਰਾਈਵਰ ਤੇ ਕਈ ਮਹਿਲਾਵਾਂ ਸਵਾਰ ਸਨ, ਜੋ ਪਰਵਾਣੂ ਦੇ ਕਾਮਲੀ ਸਥਿਤ ਇਕ ਸਾਬਣ ਬਣਾਉਣ ਵਾਲੀ ਕੰਪਨੀ ਵਿਚ ਨੌਕਰੀ ਲਈ ਜਾ ਰਹੀਆਂ ਸਨ। ਮ੍ਰਿਤਕਾ ਦੇ ਭਰਾ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਜਾਣਕਾਰੀ ਮੁਤਾਬਕ ਡਰਾਈਵਰ ਗੱਡੀ ਨੂੰ ਕਾਫ਼ੀ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ, ਜਿਸ ਕਾਰਨ ਤਿੱਖੇ ਮੋੜ ’ਤੇ ਇਨੋਵਾ ਕਾਰ ਬੇਕਾਬੂ ਹੋ ਕੇ ਖੱਡ ’ਚ ਜਾ ਪਲਟੀ। ਇਸ ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕਰਦੇ ਹੋਏ ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਸਥਾਨਕ ਸੈਕਟਰ-6 ਦੇ ਨਾਗਰਿਕ ਹਸਪਤਾਲ ਪਹੁੰਚਾਇਆ। ਕ੍ਰਿਸ਼ਨ ਕੁਮਾਰ ਅਨੁਸਾਰ ਇਸ ਹਾਦਸੇ ’ਚ ਊਸ਼ਾ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ ਸਨ। ਹਸਪਤਾਲ ’ਚ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ’ਚ ਜ਼ਖ਼ਮੀ ਹੋਈ ਇਕ ਮਹਿਲਾ ਨੇ ਦੱਸਿਆ ਕਿ ਗੱਡੀ ’ਚੋਂ ਅਜੀਬ ਕਿਸਮ ਦੀ ਆਵਾਜ਼ ਆ ਰਹੀ ਸੀ ਅਤੇ ਡਰਾਈਵਰ ਬਹੁਤ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ। ਉਨ੍ਹਾਂ ਨੇ ਕਈ ਵਾਰ ਡਰਾਈਵਰ ਨੂੰ ਗੱਡੀ ਹੌਲੀ ਚਲਾਉਣ ਲਈ ਵੀ ਕਿਹਾ ਸੀ। ਉੱਧਰ ਇਨੋਵਾ ਕਾਰ ਦੇ ਡਰਾਈਵਰ ਹੇਮੰਤ ਵੀ ਗੰਭੀਰ ਰੂਪ ’ਚ ਜ਼ਖ਼ਮੀ ਦੱਸਿਆ ਜਾ ਰਿਹਾ ਹੈ। ਉਸਦਾ ਕਹਿਣਾ ਹੈ ਕਿ ਗੱਡੀ ਦੇ ਬ੍ਰੇਕ ਫ਼ੇਲ ਹੋ ਜਾਣ ਕਾਰਨ ਇਹ ਹਾਦਸਾ ਵਾਪਰਿਆ।