ਚੰਡੀਗੜ੍ਹ, 16 ਜੂਨ (ਸੁਖਵਿੰਦਰ ਸਿੰਘ ਸ਼ਾਨ)-ਪੰਜਾਬ ਯੂਨੀਵਰਸਿਟੀ (ਪੀ.ਯੂ) ਚੰਡੀਗੜ੍ਹ ਟਰਾਂਸਜੈਂਡਰ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇ ਬਰਾਬਰ ਅਤੇ ਲਗਾਤਾਰ ਮੌਕੇ ਪ੍ਰਦਾਨ ਕਰ ਰਹੀ ਹੈ, ਤਾਂ ਇਹ ਵਿਦਿਆਰਥੀ ਸਿੱਖਿਆ ਦੇ ਸਾਧਨ ਰਾਹੀਂ ਸ਼ਾਸਨ ਪ੍ਰਸ਼ਾਸਨ ਵਿਚ ਆਪਣੀਆਂ ਸੇਵਾਵਾਂ ਦੇ ਕੇ ਦੇਸ਼ ਦੀ ਪ੍ਰਗਤੀ ਵਿਚ ਆਪਣਾ ਯੋਗਦਾਨ ਪਾ ਸਕਣ। ਯੂਨੀਵਰਸਿਟੀ ਵੱਲੋਂ ਸਾਰੇ ਕੋਰਸਾਂ ਵਿਚ ਇੱਕ ਵਾਧੂ ਸੀਟ ਟਰਾਂਸਜੈਂਡਰ ਵਿਦਿਆਰਥੀਆਂ ਲਈ ਰਾਖਵੀਂ ਕੀਤੀ ਗਈ ਹੈ ਅਤੇ ਵਿਦਿਆਰਥੀਆਂ ਦੀ ਹਰ ਤਰ੍ਹਾਂ ਦੀ ਸਹਾਇਤਾ ਲਈ ਪਰਮਾਨੈਂਟ (ਸਥਾਈ) ਭੇਦਭਾਵ ਵਿਰੋਧੀ ਸੈੱਲ (ਪੀ.ਏ.ਡੀ.ਸੀ.ਟੀ.ਐਸ) ਸਥਾਪਤ ਕੀਤਾ ਗਿਆ। ਹੁਣ ਪੰਜਾਬ ਯੂਨੀਵਰਸਿਟੀ ਨੇ ਅਕਾਦਮਿਕ ਸੈਸ਼ਨ 2026-27 ਲਈ ਟਰਾਂਸਜੈਂਡਰ ਵਿਦਿਆਰਥੀਆਂ ਲਈ ਇੱਕ ਸਮਰਪਿਤ ਦਾਖਲਾ ਹੈਲਪਲਾਈਨ ਸ਼ੁਰੂ ਕੀਤੀ ਹੈ। ਟਰਾਂਸਜੈਂਡਰ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਦਾਨ ਕਰਨ ਲਈ ਯੂਨੀਵਰਸਿਟੀ ਦੀ ਸਿੰਡੀਕੇਟ ਵੱਲੋਂ ਸਾਲ 2023 ਵਿਚ ਮਨਜ਼ੂਰੀ ਦਿੱਤੀ ਗਈ ਸੀ। ਇਸ ਲਈ ਸੰਸਥਾ ਦੇ ਹਰੇਕ ਕੋਰਸ ਵਿਚ ਇਕ ਵਾਧੂ ਸੀਟ ਵਿਵਸਥਾ ਕੀਤੀ ਗਈ ਹੈ, ਤਾਂ ਜੋ ਟਰਾਂਸਜੈਂਡਰ ਵਿਦਿਆਰਥੀਆਂ ਨੂੰ ਅਕਾਦਮਿਕ ਮੌਕੇ ਬਰਾਬਰ ਪ੍ਰਾਪਤ ਹੋ ਸਕਣ। ਯੂਨੀਵਰਸਿਟੀ ਦੀ ਇਹ ਵਿਵਸਥਾ ਪੰਜਾਬ ਅਤੇ ਟ੍ਰਾਈਸਿਟੀ ਖੇਤਰ ਵਿਚਲੇ ਅਧਿਆਪਨ ਵਿਭਾਗਾਂ, ਖੇਤਰੀ ਕੇਂਦਰਾਂ, ਸੰਵਿਧਾਨਕ ਕਾਲਜਾਂ ਅਤੇ ਯੂਨੀਵਰਸਿਟੀ ਨਾਲ ਸੰਬੰਧਿਤ ਕਾਲਜਾਂ ਵਿਚ ਲਾਗੂ ਹੈ। ਟਰਾਂਸਜੈਂਡਰ ਵਿਦਿਆਰਥੀਆਂ ਲਈ ਸਥਾਪਤ ਪਰਮਾਨੈਂਟ (ਸਥਾਈ) ਭੇਦਭਾਵ ਵਿਰੋਧੀ ਸੈੱਲ (ਪੀ.ਏ.ਡੀ.ਸੀ.ਟੀ.ਐਸ) ਦੀ ਕੋਆਰਡੀਨੇਟਰ ਡਾ. ਉਪਨੀਤ ਕੌਰ ਮਾਂਗਟ ਨੇ ਦੱਸਿਆ ਕਿ ਟਰਾਂਸਜੈਂਡਰ ਵਿਦਿਆਰਥੀਆਂ ਲਈ ਇੱਕ ਹੈਲਪਲਾਈਨ ਸ਼ੁਰੂ ਕੀਤੀ ਗਈ, ਜਿਸ ਨਾਲ ਸੰਪਰਕ ਕਰਕੇ ਵਿਦਿਆਰਥੀ ਕੋਰਸਾਂ, ਦਾਖ਼ਲੇ ਸੰਬੰਧੀ ਮਾਰਗਦਰਸ਼ਨ ਅਤੇ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪਰਮਾਨੈਂਟ (ਸਥਾਈ) ਭੇਦਭਾਵ ਵਿਰੋਧੀ ਸੈੱਲ ਫਾਰ ਟਰਾਂਸਜੈਂਡਰ ਸਟੂਡੈਂਟਸ (ਪੀ.ਏ.ਡੀ.ਸੀ.ਟੀ.ਐਸ) ਪੀ.ਯੂ ਦੀ ਇਮਰਜਿੰਗ ਏਰੀਆਜ਼ ਬਿਲਡਿੰਗ, ਸੈਂਟਰ ਫ਼ਾਰ ਹਿਊਮਨ ਰਾਈਟਸ ਐਂਡ ਡਿਊਟੀਜ਼ ਸਥਾਪਤ ਕੀਤਾ ਗਿਆ ਹੈ। ਟਰਾਂਸਜੈਂਡਰ ਵਿਦਿਆਰਥੀ ਸੈਲ ਦੇ ਦਫ਼ਤਰ ਵਿਚ ਵੀ ਪਹੁੰਚ ਕਰ ਸਕਦੇ ਹਨ। ਟਰਾਂਸਜੈਂਡਰ ਵਿਦਿਆਰਥੀਆਂ ਲਈ ਦਾਖਲਾ ਦਿਸ਼ਾ-ਨਿਰਦੇਸ਼ਾਂ ਬਾਰੇ ਵਿਸਤ੍ਰਿਤ ਜਾਣਕਾਰੀ ਪੀ.ਯੂ ਦੀ ਹੈਂਡਬੁੱਕ ਆਫ਼ ਇਨਫਰਮੇਸ਼ਨ ਵਿੱਚ ਵੀ ਉਪਲਬਧ ਹੈ, ਜੋ ਕਿ ਦਾਖਲਾ ਪੋਰਟਲ ਰਾਹੀਂ ਪਹੁੰਚਯੋਗ ਹੈ।