ਚੰਡੀਗੜ੍ਹ, 16 ਜੂਨ (ਸੰਦੀਪ ਕੁਮਾਰ ਮਾਹਨਾ) –ਚੰਡੀਗੜ੍ਹ ਵਿਚ ਬਿਜਲੀ ਵੰਡ ਪ੍ਰਣਾਲੀ ਦੀ ਕਾਰਗੁਜ਼ਾਰੀ ਨੂੰ ਹੋਰ ਮਜ਼ਬੂਤ ਕਰਨ ਅਤੇ ਕਰਮਚਾਰੀਆਂ ਨੂੰ ਨਵੀਨਤਮ ਤਕਨੀਕੀ ਹੁਨਰਾਂ ਨਾਲ ਲੈਸ ਕਰਨ ਦੇ ਉਦੇਸ਼ ਨਾਲ ਸੀ.ਪੀ.ਡੀ.ਐਲ ਵਲੋਂ ਉਦਯੋਗਿਕ ਖੇਤਰ ਫੇਜ਼-2 ਵਿਚ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਉਦਘਾਟਨ ਕੀਤਾ ਗਿਆ। ਆਧੁਨਿਕ ਸਹੂਲਤਾਂ ਨਾਲ ਸਜਿਆ ਇਹ ਕੇਂਦਰ ਕਰਮਚਾਰੀਆਂ ਨੂੰ ਤਕਨੀਕੀ ਅਤੇ ਸਾਫਟ ਸਕਿੱਲਜ਼ ਦੀ ਸਿਖਲਾਈ ਪ੍ਰਦਾਨ ਕਰੇਗਾ, ਜਿਸ ਨਾਲ ਬਿਜਲੀ ਸੇਵਾਵਾਂ ਦੀ ਗੁਣਵੱਤਾ ਅਤੇ ਖਪਤਕਾਰ ਸੰਤੁਸ਼ਟੀ ’ਚ ਹੋਰ ਵਾਧਾ ਹੋਣ ਦੀ ਉਮੀਦ ਹੈ। ਸੀ.ਪੀ.ਡੀ.ਐਲ ਅਧਿਕਾਰੀਆਂ ਅਨੁਸਾਰ ਇਹ ਕੇਂਦਰ ਬਿਜਲੀ ਵੰਡ ਖੇਤਰ ਵਿਚ ਆ ਰਹੀਆਂ ਨਵੀਆਂ ਤਕਨੀਕਾਂ, ਸੁਰੱਖਿਆ ਮਾਪਦੰਡਾਂ ਅਤੇ ਗਾਹਕ ਸੇਵਾ ਨਾਲ ਜੁੜੇ ਵਿਸ਼ਿਆਂ ਬਾਰੇ ਕਰਮਚਾਰੀਆਂ ਨੂੰ ਨਿਯਮਿਤ ਸਿਖਲਾਈ ਮੁਹੱਈਆ ਕਰਵਾਏਗਾ। ਇਸ ਕੇਂਦਰ ’ਚ ਪ੍ਰੈਕਟੀਕਲ ਅਤੇ ਕਲਾਸਰੂਮ ਅਧਾਰਿਤ ਟ੍ਰੇਨਿੰਗ ਦੀ ਵਿਵਸਥਾ ਕੀਤੀ ਗਈ ਹੈ ਤਾਂ ਜੋ ਕਰਮਚਾਰੀ ਅਸਲ ਕਾਰਜ ਸਥਿਤੀਆਂ ਨਾਲ ਸਬੰਧਿਤ ਚੁਣੌਤੀਆਂ ਦਾ ਬਿਹਤਰ ਢੰਗ ਨਾਲ ਸਾਹਮਣਾ ਕਰ ਸਕਣ। ਅਧਿਕਾਰੀਆਂ ਨੇ ਕਿਹਾ ਕਿ ਬਿਜਲੀ ਖੇਤਰ ਵਿਚ ਤੇਜ਼ੀ ਨਾਲ ਹੋ ਰਹੇ ਤਕਨੀਕੀ ਬਦਲਾਅ ਦੇ ਮੱਦੇਨਜ਼ਰ ਕਰਮਚਾਰੀਆਂ ਦੀ ਸਮਰੱਥਾ ਵਿਚ ਨਿਰੰਤਰ ਵਾਧਾ ਕਰਨਾ ਸਮੇਂ ਦੀ ਲੋੜ ਹੈ। ਇਸ ਸਿਖਲਾਈ ਕੇਂਦਰ ਰਾਹੀਂ ਨਾ ਸਿਰਫ਼ ਕਰਮਚਾਰੀਆਂ ਦੇ ਹੁਨਰਾਂ ਵਿਚ ਨਿਖਾਰ ਆਵੇਗਾ, ਸਗੋਂ ਬਿਜਲੀ ਸਪਲਾਈ ਨਾਲ ਸਬੰਧਿਤ ਸਮੱਸਿਆਵਾਂ ਦੇ ਤੁਰੰਤ ਹੱਲ, ਨੈੱਟਵਰਕ ਦੇ ਪ੍ਰਭਾਵਸ਼ਾਲੀ ਸੰਚਾਲਨ ਅਤੇ ਖ਼ਪਤਕਾਰਾਂ ਨੂੰ ਬਿਹਤਰ ਸੇਵਾਵਾਂ ਯਕੀਨੀ ਬਣਾਉਣ ਵਿਚ ਵੀ ਮਦਦ ਮਿਲੇਗੀ। ਉਦਘਾਟਨ ਸਮਾਗਮ ਵਿਚ ਸੀ.ਪੀ.ਡੀ.ਐਲ ਦੇ ਡਾਇਰੈਕਟਰ ਅਰੁਣ ਕੁਮਾਰ ਵਰਮਾ, ਸੀਈਓ ਬ੍ਰਜੇਸ਼ ਕੁਮਾਰ, ਐਚ.ਆਰ ਹੈੱਡ ਸੰਦੀਪ ਰਾਏ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਅਧਿਕਾਰੀਆਂ ਨੇ ਸਿਖਲਾਈ ਅਤੇ ਮਨੁੱਖੀ ਸਰੋਤਾਂ ਦੇ ਵਿਕਾਸ ਨੂੰ ਸੰਸਥਾ ਦੀ ਤਰੱਕੀ ਦਾ ਅਹਿਮ ਆਧਾਰ ਦੱਸਦਿਆਂ ਕਿਹਾ ਕਿ ਇਹ ਪਹਿਲ ਚੰਡੀਗੜ੍ਹ ਦੇ ਬਿਜਲੀ ਖਪਤਕਾਰਾਂ ਨੂੰ ਹੋਰ ਭਰੋਸੇਯੋਗ ਅਤੇ ਗੁਣਵੱਤਾ ਭਰੀਆਂ ਸੇਵਾਵਾਂ ਪ੍ਰਦਾਨ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਵੇਗੀ।