24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਨਗਰ ਨਿਗਮ ਦੀ ਪਹਿਲੀ ਹਾਊਸ ਮੀਟਿੰਗ ’ਚ 60-70 ਕਰੋੜ ਦੇ ਵਿਕਾਸ ਕਾਰਜਾਂ ’ਤੇ ਹੋਈ ਚਰਚਾ

ਅਜੀਤ ਡੈਸਕ 17-06-2026
ਪੰਚਕੂਲਾ, 16 ਜੂਨ (ਕਪਿਲ)-ਨਵ-ਨਿਯੁਕਤ ਮੇਅਰ ਸ਼ਿਆਮ ਲਾਲ ਬੰਸਲ ਦੀ ਪ੍ਰਧਾਨਗੀ ਹੇਠ ਮੰਗਲਵਾਰ ਨੂੰ ਨਗਰ ਨਿਗਮ ਪੰਚਕੂਲਾ ਦੀ ਪਹਿਲੀ ਹਾਊਸ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਕੌਂਸਲਰਾਂ ਨੇ ਆਪਣੇ-ਆਪਣੇ ਵਾਰਡਾਂ ਨਾਲ ਸੰਬੰਧਿਤ ਮੁੱਦੇ ਸਦਨ ’ਚ ਚੁੱਕੇ, ਜਿਨ੍ਹਾਂ ’ਚ ਸ਼ਹਿਰ ਵਿਚ ਸਫ਼ਾਈ ਪ੍ਰਬੰਧ, ਪੀਣ ਵਾਲੇ ਪਾਣੀ ਦੀ ਸਮੱਸਿਆ, ਕਮਿਊਨਿਟੀ ਸੈਂਟਰਾਂ ਦੀਆਂ ਸਹੂਲਤਾਂ ਅਤੇ ਵਿਕਾਸ ਕਾਰਜਾਂ ਸੰਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਮੌਕੇ ਮੇਅਰ ਨੇ ਕਿਹਾ ਕਿ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਹੋਰ ਬਿਹਤਰ ਬਣਾਉਣ ਲਈ ਹਰ ਵਾਰਡ ’ਚ ਲੋੜੀਂਦੀ ਮਸ਼ੀਨਰੀ, ਟਰਾਲੀ ਤੇ ਜੇ. ਸੀ. ਬੀ. ਉਪਲੱਬਧ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਜਨਤਕ ਪਖਾਨੇ ਦੀ ਨਿਯਮਿਤ ਸਫ਼ਾਈ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਕਮਿਊਨਿਟੀ ਸੈਂਟਰਾਂ ’ਚ ਮੌਜੂਦ ਕਮੀਆਂ ਨੂੰ ਦੂਰ ਕਰਨ ਦੇ ਨਾਲ-ਨਾਲ ਨਵੇਂ ਕਮਿਊਨਿਟੀ ਸੈਂਟਰ ਵੀ ਬਣਾਏ ਜਾਣਗੇ। ਪਾਣੀ ਦੀ ਸਮੱਸਿਆ ਦੇ ਹੱਲ ਲਈ ਨਵੇਂ ਟਿਊਬਵੈੱਲ ਲਗਾਉਣ ਦੀ ਯੋਜਨਾ ਵੀ ਤਿਆਰ ਕੀਤੀ ਜਾ ਰਹੀ ਹੈ। ਮੇਅਰ ਅਨੁਸਾਰ ਮੀਟਿੰਗ ’ਚ ਵਿਚਾਰੇ ਗਏ ਵਿਕਾਸ ਕਾਰਜਾਂ ’ਤੇ ਕਰੀਬ 60 ਤੋਂ 70 ਕਰੋੜ ਰੁ. ਖ਼ਰਚ ਕੀਤੇ ਜਾਣਗੇ। ਇਸ ਮੀਟਿੰਗ ਦੌਰਾਨ ਨਗਰ ਨਿਗਮ ਵਿਚ ਹੋਏ ਕਰੋੜਾਂ ਰੁ. ਦੇ ਬੈਂਕ ਘੋਟਾਲੇ ਦਾ ਮੁੱਦਾ ਵੀ ਗੂੰਜਿਆ। ਇਸ ਸੰਬੰਧੀ ਮੇਅਰ ਬੰਸਲ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਸੀ. ਬੀ. ਆਈ. ਵਲੋਂ ਕੀਤੀ ਜਾ ਰਹੀ ਹੈ ਅਤੇ ਭਵਿੱਖ ’ਚ ਕਿਸੇ ਵੀ ਤਰ੍ਹਾਂ ਦਾ ਘਪਲਾ ਜਾਂ ਭ੍ਰਿਸ਼ਟਾਚਾਰ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨਾ ਹੋਵੇਗਾ ਅਤੇ ਜੋ ਕੰਮ ਨਹੀਂ ਕਰਨਾ ਚਾਹੁੰਦਾ, ਉਹ ਆਪਣੀ ਬਦਲੀ ਕਰਵਾ ਸਕਦਾ ਹੈ। ਪਾਰਕਿੰਗ ਠੇਕੇਦਾਰਾਂ ਵਲੋਂ ਨਗਰ ਨਿਗਮ ਦੀ ਰਕਮ ਜਮ੍ਹਾਂ ਨਾ ਕਰਵਾਉਣ ਦੇ ਮਾਮਲੇ ’ਤੇ ਵਿਧਾਇਕ ਚੰਦਰ ਮੋਹਨ ਬਿਸ਼ਨੋਈ ਨੇ ਠੇਕੇਦਾਰਾਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਇਸ ’ਤੇ ਮੇਅਰ ਨੇ ਕਿਹਾ ਕਿ ਨੋਟਿਸ ਦੇਣ ਤੋਂ ਬਾਅਦ ਵੀ ਜਵਾਬ ਨਾ ਮਿਲਣ ’ਤੇ ਐਫ. ਆਈ. ਆਰ. ਦਰਜ ਕਰਵਾ ਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਕਤ ਮੀਟਿੰਗ ’ਚ ਕਾਲਕਾ ਦੀ ਵਿਧਾਇਕ ਸ਼ਕਤੀ ਰਾਣੀ ਸ਼ਰਮਾ, ਪੰਚਕੂਲਾ ਦੇ ਵਿਧਾਇਕ ਚੰਦਰ ਮੋਹਨ ਬਿਸ਼ਨੋਈ, ਨਗਰ ਨਿਗਮ ਕਮਿਸ਼ਨਰ, ਸਾਰੇ ਕੌਂਸਲਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਰਹੇ।
ਪਿਛਲੀ ਖ਼ਬਰ ਪੰਜਾਬ ਪੁਲਿਸ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛਬੀਲ ਲਗਾਈ ਅਗਲੀ ਖ਼ਬਰ ‘ਗੈਂਗਸਟਰਾਂ ’ਤੇ ਵਾਰ’ ਦਾ 147ਵਾਂ ਦਿਨ ਪੰਜਾਬ ਪੁਲਿਸ ਵਲੋਂ 579 ਥਾਈਂ ਛਾਪੇਮਾਰੀ 219 ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।