ਪੰਚਕੂਲਾ, 17 ਜੂਨ (ਕਪਿਲ)-ਭਾਰਤੀ ਜਨਤਾ ਪਾਰਟੀ ਦੇ ਆਗੂ ਨਰਿੰਦਰ ਲੁਬਾਣਾ ਦੇ ਭਰਾ ਰਤਨ ਲੁਬਾਣਾ ‘ਤੇ ਹੋਈ ਗੋਲੀਬਾਰੀ ਦੇ ਮਾਮਲੇ ‘ਚ ਪੁਲਿਸ ਜਾਂਚ ਦੌਰਾਨ ਵੱਡਾ ਖੁਲਾਸਾ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ. ਸੀ. ਪੀ. ਕ੍ਰਾਈਮ ਅਮਰਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ‘ਚ ਹਥਿਆਰ ਮੁਹੱਈਆ ਕਰਵਾਉਣ ਵਾਲਾ ਹੈਂਡਲਰ ਸ਼ਕੀਲ ਅੰਸਾਰੀ ਸੀ, ਜਿਸ ਦਾ ਨਾਂਅ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਵੀ ਸਾਹਮਣੇ ਆ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦਾ ਹਾਰਡਕੋਰ ਅਪਰਾਧੀ ਅਤੇ ਰੋਹਿਤ ਗੋਦਾਰਾ ਗੈਂਗ ਨਾਲ ਜੁੜਿਆ ਹੈਂਡਲਰ ਸ਼ਕੀਲ ਅੰਸਾਰੀ ਪਹਿਲਾਂ ਵੀ ਮੂਸੇਵਾਲਾ ਕਤਲ ਕਾਂਡ ਲਈ ਤੁਰਕੀ ਅਤੇ ਆਸਟਰੀਆ ‘ਚ ਬਣੇ ਹਥਿਆਰ ਸਪਲਾਈ ਕਰ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਰਤਨ ਲੁਬਾਣਾ ‘ਤੇ ਹੋਈ ਗੋਲੀਬਾਰੀ ਮੌਕੇ ਵੀ ਉਸੇ ਕਿਸਮ ਦੇ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ‘ਚ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਕਬਜ਼ੇ ‘ਚੋਂ ਜਿਗਾਨਾ ਅਤੇ ਗਲੌਕ ਪਿਸਤੌਲਾਂ ਬਰਾਮਦ ਕੀਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਇਸ ਹਮਲੇ ਦੌਰਾਨ ਰਤਨ ਲੁਬਾਣਾ ਨੂੰ ਗੋਲੀਆਂ ਲੱਗੀਆਂ ਸਨ ਪਰ ਬਾਅਦ ‘ਚ ਉਹ ਸਿਹਤਯਾਬ ਹੋ ਗਿਆ ਸੀ। ਡੀ. ਸੀ. ਪੀ. ਕ੍ਰਾਈਮ ਨੇ ਕਿਹਾ ਕਿ ਸ਼ਕੀਲ ਅੰਸਾਰੀ ਇਸ ਵੇਲੇ ਰਾਜਸਥਾਨ ‘ਚ ਹੈ ਅਤੇ ਪੰਚਕੂਲਾ ਪੁਲਿਸ ਉਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਪੁੱਛਗਿੱਛ ਕਰੇਗੀ। ਉਨ੍ਹਾਂ ਕਿਹਾ ਕਿ ਪੁੱਛਗਿੱਛ ਤੋਂ ਬਾਅਦ ਮਾਮਲੇ ਨਾਲ ਜੁੜੇ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।