22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਪ੍ਰਦੂਸ਼ਣ ਮੁਕਤ ਚੰਡੀਗੜ੍ਹ ਲਈ ਮੇਅਰ ਦਾ ਅਨੋਖਾ ਉਪਰਾਲਾ, ਪੈਦਲ ਤੁਰ ਕੇ ਪਹੁੰਚੇ ਦਫ਼ਤਰ

ਅਜੀਤ ਡੈਸਕ 18-06-2026
ਚੰਡੀਗੜ੍ਹ, 17 ਜੂਨ (ਸੰਦੀਪ ਕੁਮਾਰ ਮਾਹਨਾ) - ਸਾਫ਼ ਹਵਾ ਅਤੇ ਹਰਿਆਲੇ ਭਵਿੱਖ ਦੇ ਸੁਨੇਹੇ ਨਾਲ ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਨੇ ਬੁੱਧਵਾਰ ਨੂੰ ਪੈਦਲ ਤੁਰ ਕੇ ਨਗਰ ਨਿਗਮ ਦਫ਼ਤਰ ਪਹੁੰਚ ਕੇ ਵਾਤਾਵਰਨ ਪੱਖੀ ਆਵਾਜਾਈ ਨੂੰ ਉਤਸ਼ਾਹਿਤ ਕੀਤਾ। ਨਗਰ ਨਿਗਮ ਦੀ ਗ੍ਰੀਨ ਮੋਬਿਲਿਟੀ ਮੁਹਿੰਮ ਦੌਰਾਨ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵੀ ਜਨਤਕ ਆਵਾਜਾਈ ਅਤੇ ਸਾਈਕਲਾਂ ਦੀ ਵਰਤੋਂ ਕਰਕੇ ਲੋਕਾਂ ਨੂੰ ਪ੍ਰਦੂਸ਼ਣ ਘਟਾਉਣ ਲਈ ਪ੍ਰੇਰਿਤ ਕੀਤਾ।ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵਲੋਂ ਸ਼ੁਰੂ ਕੀਤੀ ਗਈ ਇਸ ਵਿਸ਼ੇਸ਼ ਜਾਗਰੂਕਤਾ ਮੁਹਿੰਮ ਦਾ ਮਕਸਦ ਸ਼ਹਿਰ ’ਚ ਵਾਤਾਵਰਨ ਪੱਖੀ ਆਵਾਜਾਈ ਦੇ ਸਾਧਨਾਂ ਨੂੰ ਉਤਸ਼ਾਹਿਤ ਕਰਨਾ, ਵਾਹਨਾਂ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਘਟਾਉਣਾ ਤੇ ਟਿਕਾਊ ਸ਼ਹਿਰੀ ਵਿਕਾਸ ਨੂੰ ਪ੍ਰੋਤਸਾਹਨ ਦੇਣਾ ਹੈ। ਮੇਅਰ ਸੌਰਭ ਜੋਸ਼ੀ ਨੇ ਖੁਦ ਪੈਦਲ ਸਫ਼ਰ ਕਰਕੇ ਨਾਗਰਿਕਾਂ ਨੂੰ ਸੰਦੇਸ਼ ਦਿੱਤਾ ਕਿ ਛੋਟੇ-ਛੋਟੇ ਕਦਮ ਵੀ ਵਾਤਾਵਰਨ ਦੀ ਸੁਰੱਖਿਆ ’ਚ ਵੱਡਾ ਯੋਗਦਾਨ ਪਾ ਸਕਦੇ ਹਨ।ਇਸ ਮੌਕੇ ਮੇਅਰ ਨੇ ਕਿਹਾ ਕਿ ਚੰਡੀਗੜ੍ਹ ਹਮੇਸ਼ਾ ਹੀ ਵਾਤਾਵਰਨ ਪੱਖੀ ਅਤੇ ਪ੍ਰਗਤੀਸ਼ੀਲ ਪਹਿਲਕਦਮੀਆਂ ਲਈ ਜਾਣਿਆ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਈ-ਰਿਕਸ਼ਾ, ਸਾਈਕਲ ਤੇ ਜਨਤਕ ਆਵਾਜਾਈ ਵਰਗੇ ਸਾਫ਼-ਸੁਥਰੇ ਸਾਧਨਾਂ ਦੀ ਵਰਤੋਂ ਨਾਲ ਕਾਰਬਨ ਨਿਕਾਸ ਵਿਚ ਕਮੀ ਆ ਸਕਦੀ ਹੈ ਤੇ ਸ਼ਹਿਰ ਦੀ ਹਵਾ ਦੀ ਗੁਣਵੱਤਾ ਵਿਚ ਸੁਧਾਰ ਲਿਆਂਦਾ ਜਾ ਸਕਦਾ ਹੈ। ਹਰ ਨਾਗਰਿਕ ਆਪਣੇ ਰੋਜ਼ਾਨਾ ਜੀਵਨ ’ਚ ਵਾਤਾਵਰਨ ਪੱਖੀ ਆਦਤਾਂ ਅਪਣਾ ਕੇ ਕੁਦਰਤ ਦੀ ਸੰਭਾਲ ਵਿਚ ਯੋਗਦਾਨ ਪਾ ਸਕਦਾ ਹੈ। ਟਿਕਾਊ ਆਵਾਜਾਈ ਦੇ ਸਾਧਨ ਨਾ ਸਿਰਫ਼ ਵਾਤਾਵਰਨ ਲਈ ਲਾਭਦਾਇਕ ਹਨ, ਸਗੋਂ ਲੋਕਾਂ ਨੂੰ ਸਿਹਤਮੰਦ ਤੇ ਸਰਗਰਮ ਜੀਵਨ ਸ਼ੈਲੀ ਅਪਣਾਉਣ ਲਈ ਵੀ ਪ੍ਰੇਰਿਤ ਕਰਦੇ ਹਨ। ਗ੍ਰੀਨ ਮੋਬਿਲਿਟੀ ਮੁਹਿੰਮ ਨੂੰ ਨਗਰ ਨਿਗਮ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਹੋਰ ਸਟਾਫ਼ ਵਲੋਂ ਵੀ ਭਰਵਾਂ ਹੁੰਗਾਰਾ ਮਿਲਿਆ। ਵੱਡੀ ਗਿਣਤੀ ’ਚ ਕਰਮਚਾਰੀਆਂ ਨੇ ਸਾਈਕਲਾਂ ਅਤੇ ਜਨਤਕ ਆਵਾਜਾਈ ਰਾਹੀਂ ਆਪਣੇ ਦਫ਼ਤਰਾਂ ਤੱਕ ਪਹੁੰਚ ਕੇ ਮੁਹਿੰਮ ਦਾ ਸਮਰਥਨ ਕੀਤਾ। ਉਨ੍ਹਾਂ ਨੇ ਭਵਿੱਖ ਵਿਚ ਵੀ ਵਾਤਾਵਰਨ ਪੱਖੀ ਆਦਤਾਂ ਨੂੰ ਅਪਣਾਉਣ ਦਾ ਸੰਕਲਪ ਲਿਆ। ਨਿਗਮ ਅਧਿਕਾਰੀਆਂ ਵਲੋਂ ਕਿਹਾ ਗਿਆ ਕਿ ਸ਼ਹਿਰ ਵਿਚ ਵਾਤਾਵਰਨ ਸੰਭਾਲ, ਟਿਕਾਊ ਵਿਕਾਸ ਅਤੇ ਜਨ ਜਾਗਰੂਕਤਾ ਨਾਲ ਸਬੰਧਿਤ ਅਜਿਹੀਆਂ ਪਹਿਲਕਦਮੀਆਂ ਲਗਾਤਾਰ ਜਾਰੀ ਰਹਿਣਗੀਆਂ। ਨਿਗਮ ਦਾ ਮਕਸਦ ਚੰਡੀਗੜ੍ਹ ਨੂੰ ਦੇਸ਼ ਦੇ ਸਭ ਤੋਂ ਸਾਫ਼-ਸੁਥਰੇ, ਹਰਿਆਲੇ ਤੇ ਰਹਿਣ ਯੋਗ ਸ਼ਹਿਰਾਂ ਵਿੱਚ ਹੋਰ ਮਜ਼ਬੂਤ ਪਛਾਣ ਦਿਵਾਉਣਾ ਹੈ।
ਪਿਛਲੀ ਖ਼ਬਰ ਰਤਨ ਲੁਬਾਣਾ ’ਤੇ ਗੋਲੀਬਾਰੀ ਹੋਣ ਦੇ ਮਾਮਲੇ ’ਚ ਵੱਡਾ ਖੁਲਾਸਾ ਅਗਲੀ ਖ਼ਬਰ ‘ਨੋ ਵਹੀਕਲ ਵੈਡਨਸਡੇ’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ, ਰਾਜਪਾਲ ਕਟਾਰੀਆ ਸਮੇਤ ਕਈ ਅਧਿਕਾਰੀ ਜਨਤਕ ਆਵਾਜਾਈ ਰਾਹੀਂ ਪਹੁੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।