ਚੰਡੀਗੜ੍ਹ, 17 ਜੂਨ (ਸੰਦੀਪ ਕੁਮਾਰ ਮਾਹਨਾ) - ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਚੰਡੀਗੜ੍ਹ ਪ੍ਰਸ਼ਾਸਨ ਨੇ 18 ਜੂਨ (ਵੀਰਵਾਰ) ਨੂੰ ਜਨਤਕ ਛੁੱਟੀ ਐਲਾਨ ਦਿੱਤੀ ਹੈ। ਇਸ ਸਬੰਧੀ ਗ੍ਰਹਿ ਵਿਭਾਗ ਵਲੋਂ ਜਾਰੀ ਅਧਿ ਸੂਚਨਾ ਅਨੁਸਾਰ ਪਹਿਲਾਂ ਇਸ ਦਿਨ ਨੂੰ ਸੀਮਤ ਛੁੱਟੀ (ਰਿਸਟ੍ਰਿਕਟਿਡ ਹਾਲੀਡੇ) ਵਜੋਂ ਦਰਜ ਕੀਤਾ ਗਿਆ ਸੀ ਪਰ ਹੁਣ ਸੋਧ ਕਰਦਿਆਂ ਇਸ ਨੂੰ ਜਨਤਕ ਛੁੱਟੀ ਦਾ ਦਰਜਾ ਦੇ ਦਿੱਤਾ ਗਿਆ ਹੈ। ਪ੍ਰਸ਼ਾਸਨ ਵਲੋਂ ਜਾਰੀ ਹੁਕਮਾਂ ਅਨੁਸਾਰ ਚੰਡੀਗੜ੍ਹ ਪ੍ਰਸ਼ਾਸਨ ਦੇ ਅਧੀਨ ਆਉਂਦੇ ਸਾਰੇ ਸਰਕਾਰੀ ਦਫ਼ਤਰ, ਬੋਰਡ, ਨਿਗਮ, ਵਿਦਿਅਕ ਸੰਸਥਾਵਾਂ ਤੇ ਉਦਯੋਗਿਕ ਅਦਾਰੇ 18 ਜੂਨ ਨੂੰ ਬੰਦ ਰਹਿਣਗੇ। ਇਹ ਫ਼ੈਸਲਾ ਸਿੱਖ ਧਰਮ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਹਾਨ ਸ਼ਹਾਦਤ ਪ੍ਰਤੀ ਸਤਿਕਾਰ ਤੇ ਸ਼ਰਧਾ ਵਜੋਂ ਲਿਆ ਗਿਆ ਹੈ। ਗ੍ਰਹਿ ਸਕੱਤਰ ਦੀਪ੍ਰਵਾ ਲਾਕੜਾ ਵਲੋਂ ਜਾਰੀ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ ਤੇ 30 ਦਸੰਬਰ 2025 ਨੂੰ ਜਾਰੀ ਕੀਤੀ ਗਈ ਸਾਲਾਨਾ ਛੁੱਟੀਆਂ ਦੀ ਸੂਚੀ ਵਿਚ ਅੰਸ਼ਕ ਸੋਧ ਮੰਨੇ ਜਾਣਗੇ।