ਲਾਲੜੂ, 17 ਜੂਨ (ਰਾਜਬੀਰ ਸਿੰਘ)- ਸਥਾਨਕ ਪੁਲਿਸ ਨੇ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ‘ਤੇ ਸਥਿਤ ਦੱਪਰ ਟੋਲ ਪਲਾਜ਼ਾ ਨੇੜਿਓਂ 1.50 ਕਿੱਲੋ ਅਫ਼ੀਮ ਸਮੇਤ ਤਿੰਨ ਮੁਲਜ਼ਮਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਸਤੀਸ਼ ਕੁਮਾਰ, ਮਨੀਸ ਪਾਸਵਾਨ ਅਤੇ ਗੁਜਨ ਵਾਸੀ ਬਿਹਾਰ ਵਜੋਂ ਹੋਈ ਦੱਸੀ ਹੈ। ਲੈਹਲੀ ਪੁਲਿਸ ਪਾਰਟੀ ਦੱਪਰ ਟੋਲ ਪਲਾਜ਼ਾ ਨੇੜੇ ਮੌਜੂਦ ਸੀ ਅਤੇ ਇਸੇ ਦੌਰਾਨ ਤਿੰਨ ਵਿਅਕਤੀ ਬੈਗ ਲੈ ਕੇ ਆਉਂਦੇ ਦਿਖਾਈ ਦਿੱਤੇ, ਜੋ ਕਿ ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੇ ਨੂੰ ਮੁੜ ਗਏ। ਲੈਹਲੀ ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਉਨ੍ਹਾਂ ਨੂੰ ਰੋਕ ਕੇ ਜਦੋਂ ਉਨ੍ਹਾਂ ਕੋਲ ਮੌਜੂਦ ਬੈਗਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਕਥਿਤ ਤੌਰ ‘ਤੇ 1.50 ਕਿੱਲੋ ਅਫ਼ੀਮ ਬਰਾਮਦ ਹੋਈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।